ਪਾਕਿਸਤਾਨ ਦੀ ਵਿਚੋਲਗੀ ਦਾ ਅਸਰ: ਇਜ਼ਰਾਈਲ ਨੇ ''ਹਿੱਟ ਲਿਸਟ'' ਵਿੱਚੋਂ ਹਟਾਏ ਦੋ ਵੱਡੇ ਈਰਾਨੀ ਨੇਤਾ
Thursday, Mar 26, 2026 - 04:18 PM (IST)
ਵਾਸ਼ਿੰਗਟਨ (ਭਾਸ਼ਾ): ਮੱਧ ਪੂਰਬ ਵਿੱਚ ਜਾਰੀ ਤਣਾਅ ਦਰਮਿਆਨ ਇੱਕ ਵੱਡੀ ਕੂਟਨੀਤਕ ਸਫਲਤਾ ਸਾਹਮਣੇ ਆਈ ਹੈ। ਪਾਕਿਸਤਾਨ ਦੀ ਬੇਨਤੀ 'ਤੇ ਇਜ਼ਰਾਈਲ ਨੇ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਅਤੇ ਸੰਸਦ ਦੇ ਸਪੀਕਰ ਮੁਹੰਮਦ ਬਾਘਰ ਗਾਲੀਬਾਫ ਨੂੰ ਆਪਣੀ ‘ਹਿੱਟ ਲਿਸਟ’ ਤੋਂ ਹਟਾ ਦਿੱਤਾ ਹੈ। ਰਿਪੋਰਟਾਂ ਅਨੁਸਾਰ ਇਜ਼ਰਾਈਲ ਕੋਲ ਇਨ੍ਹਾਂ ਦੋਵਾਂ ਪ੍ਰਮੁੱਖ ਹਸਤੀਆਂ ਨੂੰ ਨਿਸ਼ਾਨਾ ਬਣਾਉਣ ਲਈ ਉਨ੍ਹਾਂ ਦੀ ਸਹੀ ਭੂਗੋਲਿਕ ਸਥਿਤੀ ਦੇ ਅੰਕੜੇ ਮੌਜੂਦ ਸਨ।
ਪਾਕਿਸਤਾਨ ਨੇ ਦਿੱਤਾ ਤਰਕ
ਪਾਕਿਸਤਾਨੀ ਅਧਿਕਾਰੀਆਂ ਨੇ ਇਜ਼ਰਾਈਲ ਨੂੰ ਤਰਕ ਦਿੱਤਾ ਕਿ ਜੇਕਰ ਇਨ੍ਹਾਂ ਦੋਵਾਂ ਨੇਤਾਵਾਂ ਨੂੰ ਖ਼ਤਮ ਕਰ ਦਿੱਤਾ ਗਿਆ, ਤਾਂ ਭਵਿੱਖ ਵਿੱਚ ਗੱਲਬਾਤ ਲਈ ਕੋਈ ਵੀ ਭਰੋਸੇਮੰਦ ਕੂਟਨੀਤਕ ਸੰਪਰਕ ਨਹੀਂ ਬਚੇਗ। ਇਸ ਦਲੀਲ ਤੋਂ ਬਾਅਦ ਅਮਰੀਕਾ ਨੇ ਇਜ਼ਰਾਈਲ ਨੂੰ ਆਪਣੀ ਕਾਰਵਾਈ ਤੋਂ ਪਿੱਛੇ ਹਟਣ ਲਈ ਕਿਹਾ।
4-5 ਦਿਨਾਂ ਦੀ ਮੋਹਲਤ ਅਤੇ ਟਰੰਪ ਦੀ ਪਹਿਲ
'ਦਿ ਯਰੂਸ਼ਲਮ ਪੋਸਟ' ਅਨੁਸਾਰ ਇਨ੍ਹਾਂ ਅਧਿਕਾਰੀਆਂ ਨੂੰ ਚਾਰ ਤੋਂ ਪੰਜ ਦਿਨਾਂ ਲਈ ਨਿਸ਼ਾਨਾ ਸੂਚੀ ਵਿੱਚੋਂ ਬਾਹਰ ਰੱਖਿਆ ਗਿਆ ਹੈ। ਇਹ ਕਦਮ ਇਸ ਲਈ ਚੁੱਕਿਆ ਗਿਆ ਹੈ ਕਿਉਂਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗੱਲਬਾਤ ਲਈ ਦਰਵਾਜ਼ੇ ਖੋਲ੍ਹ ਦਿੱਤੇ ਹਨ। ਇਸ ਸਮੇਂ ਪਾਕਿਸਤਾਨ, ਤੁਰਕੀ ਅਤੇ ਮਿਸਰ ਵਰਗੇ ਦੇਸ਼ ਅਮਰੀਕਾ ਅਤੇ ਈਰਾਨ ਦੇ ਅਧਿਕਾਰੀਆਂ ਵਿਚਕਾਰ ਜਲਦੀ ਤੋਂ ਜਲਦੀ ਮੁਲਾਕਾਤ ਕਰਵਾਉਣ ਦੀਆਂ ਕੋਸ਼ਿਸ਼ਾਂ ਵਿੱਚ ਜੁਟੇ ਹੋਏ ਹਨ।
ਪੜ੍ਹੋ ਇਹ ਅਹਿਮ ਖ਼ਬਰ- UN ਦੇ ਮੰਚ ਤੋਂ ਗਰਜਿਆ ਇਮਰਾਨ ਖਾਨ ਦਾ ਪੁੱਤਰ ਕਾਸਿਮ; ਪਾਕਿਸਤਾਨ 'ਚ ਮਨੁੱਖੀ ਅਧਿਕਾਰਾਂ ਦੇ ਘਾਣ 'ਤੇ ਚੁੱਕੇ ਸਵਾਲ
ਅਮਰੀਕਾ ਦਾ 15-ਸੂਤਰੀ ਸ਼ਾਂਤੀ ਪ੍ਰਸਤਾਵ
ਅਮਰੀਕਾ ਨੇ ਪਾਕਿਸਤਾਨ ਦੇ ਮਾਧਿਅਮ ਰਾਹੀਂ ਈਰਾਨ ਨੂੰ ਇੱਕ 15-ਸੂਤਰੀ ਪ੍ਰਸਤਾਵ ਭੇਜਿਆ ਹੈ। ਇਸ ਪ੍ਰਸਤਾਵ ਦੀਆਂ ਮੁੱਖ ਮੰਗਾਂ ਹੇਠ ਲਿਖੇ ਅਨੁਸਾਰ ਹਨ:
ਹੋਰਮੁਜ਼ ਜਲਮਾਰਗ (Strait of Hormuz) ਨੂੰ ਅੰਤਰਰਾਸ਼ਟਰੀ ਆਵਾਜਾਈ ਲਈ ਫਿਰ ਤੋਂ ਖੋਲ੍ਹਿਆ ਜਾਵੇ।
ਈਰਾਨ ਆਪਣੇ ਅਤਿ-ਸੰਵਰਧਿਤ (Highly Enriched) ਯੂਰੇਨੀਅਮ ਦੇ ਭੰਡਾਰ ਨੂੰ ਖ਼ਤਮ ਕਰੇ।
ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮ 'ਤੇ ਰੋਕ ਲਗਾਈ ਜਾਵੇ।
ਖੇਤਰੀ ਸਹਿਯੋਗੀਆਂ ਨੂੰ ਵਿੱਤੀ ਸਹਾਇਤਾ ਦੇਣੀ ਬੰਦ ਕੀਤੀ ਜਾਵੇ।
ਈਰਾਨ ਦਾ ਰੁਖ਼ ਅਤੇ ਜਰਮਨੀ ਦੀ ਹਮਾਇਤ
ਈਰਾਨ ਕੋਲ ਅਜੇ ਵੀ ਲਗਭਗ 440 ਕਿੱਲੋ ਅਤਿ-ਸੰਵਰਧਿਤ ਯੂਰੇਨੀਅਮ ਮੌਜੂਦ ਹੈ, ਜਿਸ ਕਾਰਨ ਪਰਮਾਣੂ ਤਣਾਅ ਵਧਣ ਦਾ ਖ਼ਤਰਾ ਬਣਿਆ ਹੋਇਆ ਹੈ। ਦੂਜੇ ਪਾਸੇ, ਈਰਾਨ ਹੁਣ ਹੋਰਮੁਜ਼ ਜਲਮਾਰਗ ਤੋਂ ਗੁਜ਼ਰਨ ਵਾਲੇ ਜਹਾਜ਼ਾਂ 'ਤੇ 'ਟ੍ਰਾਂਜ਼ਿਟ ਫੀਸ' (Transit Fee) ਵਸੂਲਣ ਦੀ ਯੋਜਨਾ ਬਣਾ ਰਿਹਾ ਹੈ, ਜਿਸ ਦੇ ਖਰੜੇ ਦੀ ਸਮੀਖਿਆ ਅਗਲੇ ਹਫ਼ਤੇ ਈਰਾਨੀ ਸੰਸਦ ਵਿੱਚ ਕੀਤੀ ਜਾਵੇਗੀ। ਇਸ ਦੌਰਾਨ ਜਰਮਨੀ ਨੇ ਕਿਸੇ ਵੀ ਸ਼ਾਂਤੀ ਸਮਝੌਤੇ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਹੈ ਅਤੇ ਹੋਰਮੁਜ਼ ਵਿੱਚ ਜਹਾਜ਼ਾਂ ਦੀ ਆਵਾਜਾਈ ਦੀ ਸੁਰੱਖਿਆ ਨੂੰ ਆਪਣੀ ਪਹਿਲ ਦੱਸਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
