USA ਯੂਰਪ ਤੋਂ ਆਉਣ ਵਾਲੇ ਕੋਰੋਨਾ ਦੇ ਖਤਰੇ ਦਾ ਅੰਦਾਜ਼ਾ ਨਾ ਲਾ ਸਕਿਆ : ਰੈੱਡਫੀਲਡ
Thursday, Jul 30, 2020 - 06:30 PM (IST)
ਵਾਸ਼ਿੰਗਟਨ- ਅਮਰੀਕਾ ਦੇ ਰੋਗ ਕੰਟਰੋਲ ਵਿਭਾਗ (ਸੀ. ਡੀ. ਸੀ.) ਦੇ ਡਾਇਰੈਕਟਰ ਰਾਬਰਟ ਰੈੱਡਫੀਲਡ ਨੇ ਕਿਹਾ ਕਿ ਅਮਰੀਕਾ ਸਮੇਂ 'ਤੇ ਯੂਰਪ ਤੋਂ ਆਏ ਕੋਰੋਨਾ ਵਾਇਰਸ ਦੇ ਖ਼ਤਰੇ ਦਾ ਅੰਦਾਜ਼ਾ ਨਹੀਂ ਲਗਾ ਸਕਿਆ ਜਿਸ ਕਾਰਨ ਅੱਜ ਦੇਸ਼ ਦੀ ਸਥਿਤੀ ਇੰਨੀ ਭਿਆਨਕ ਹੋ ਗਈ ਹੈ।
ਮੰਗਲਵਾਰ ਨੂੰ ਇੰਟਰਵੀਊ ਵਿਚ ਰੈੱਡਫੀਲਡ ਨੇ ਕਿਹਾ, "ਯੂਰਪ ਤੋਂ ਕੋਰੋਨਾ ਵਾਇਰਸ ਦਾ ਸੰਕਰਮਣ ਅਮਰੀਕਾ ਪੁੱਜ ਰਿਹਾ ਸੀ ਅਤੇ ਸਾਨੂੰ ਇਸ ਦਾ ਬਿਲਕੁਲ ਵੀ ਅਹਿਸਾਸ ਨਹੀਂ ਹੋਇਆ। ਜਦ ਤਕ ਸਾਨੂੰ ਯੂਰਪ ਤੋਂ ਕੋਰੋਨਾ ਵਾਇਰਸ ਦੇ ਖਤਰੇ ਦਾ ਅਹਿਸਾਸ ਹੋਇਆ ਅਸੀਂ ਯੂਰਪ ਤੋਂ ਆਵਾਜਾਈ ਨੂੰ ਬੰਦ ਕਰ ਦਿੱਤਾ ਪਰ ਤਦ ਤੱਕ ਬਹੁਤ ਦੇਰ ਹੋ ਚੁੱਕੀ ਸੀ।" ਯੂਰਪ ਤੋਂ ਦੋ-ਤਿੰਨ ਹਫ਼ਤਿਆਂ ਤਕ ਹਰ ਰੋਜ਼ ਤਕਰੀਬਨ 60,000 ਲੋਕਾਂ ਦਾ ਆਉਣਾ-ਜਾਣਾ ਜਾਰੀ ਰਿਹਾ। ਸੀ. ਡੀ. ਸੀ. ਦੇ ਡਾਇਰੈਕਟਰ ਨੇ ਕਿਹਾ ਕਿ ਅਮਰੀਕੀ ਸਰਕਾਰ ਨੇ 2 ਫਰਵਰੀ ਨੂੰ ਚੀਨ ਦੀ ਯਾਤਰਾ ’ਤੇ ਪਾਬੰਦੀ ਲਗਾ ਦਿੱਤੀ ਸੀ, ਜਦੋਂ ਕਿ ਯੂਰਪ ਤੋਂ ਆਉਣ ਵਾਲੀਆਂ ਉਡਾਣਾਂ 13 ਮਾਰਚ ਤੱਕ ਵੀ ਪਾਬੰਦੀ ਨਹੀਂ ਲਗਾਈ ਗਈ। ਉਸ ਸਮੇਂ ਤੱਕ, ਨਿਊਯਾਰਕ ਵਿਚ ਕੋਰੋਨਾ ਦੇ 26 ਮਾਮਲਿਆਂ ਦੀ ਪੁਸ਼ਟੀ ਹੋ ਗਈ ਸੀ।
ਸੀ. ਡੀ. ਸੀ. ਦੀ ਇਕ ਰਿਪੋਰਟ ਮੁਤਾਬਕ ਨਿਊਯਾਰਕ ਵਿਚ ਪਾਏ ਗਏ ਨਮੂਨਿਆਂ ਅਤੇ ਯੂਰਪ ਵਿਚ ਪਾਏ ਗਏ ਨਮੂਨਿਆਂ ਵਿਚ ਕਾਫ਼ੀ ਸਮਾਨਤਾ ਵੇਖੀ ਗਈ। ਜ਼ਿਕਰਯੋਗ ਹੈ ਕਿ ਜੌਹਨ ਹਾਪਿੰਕਸ ਯੂਨੀਵਰਸਿਟੀ ਦੇ ਸੈਂਟਰ ਫਾਰ ਸਾਇੰਸ ਐਂਡ ਇੰਜੀਨੀਅਰਿੰਗ (ਸੀ. ਐੱਸ. ਐੱਸ. ਈ.) ਵਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਕੋਰੋਨਾ ਨੇ ਅਮਰੀਕਾ ਵਿਚ 44,27,493 ਲੋਕਾਂ ਨੂੰ ਸੰਕ੍ਰਮਿਤ ਕੀਤਾ ਹੈ ਅਤੇ 1,50,716 ਲੋਕਾਂ ਦੀ ਜਾਨ ਲੈ ਲਈ ਹੈ।