ਹੁਣ ਗਰਜੇ ਡੋਨਾਲਡ ਟਰੰਪ, ਕਿਹਾ-'ਈਰਾਨ ਦੇ 52 ਟਿਕਾਣੇ ਨਿਸ਼ਾਨੇ 'ਤੇ'

01/05/2020 8:47:07 AM

ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨੂੰ ਸਿੱਧੀ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਅਮਰੀਕੀ ਫੌਜ ਨੇ ਈਰਾਨ ਦੇ 52 ਟਿਕਾਣਿਆਂ ਦੀ ਪਛਾਣ ਕਰ ਲਈ ਹੈ ਅਤੇ ਜੇਕਰ ਈਰਾਨ ਕਿਸੇ ਵੀ ਅਮਰੀਕੀ ਸੰਪੱਤੀ ਜਾਂ ਨਾਗਰਿਕ 'ਤੇ ਹਮਲਾ ਕਰਦਾ ਹੈ ਤਾਂ ਇਨ੍ਹਾਂ 'ਤੇ ਬਹੁਤ ਤੇਜ਼ੀ ਨਾਲ ਤਬਾਹੀ ਵਾਲਾ ਹਮਲਾ ਕੀਤਾ ਜਾਵੇਗਾ।

ਟਰੰਪ ਦਾ ਇਹ ਜਵਾਬ ਇਰਾਕ 'ਚ ਅਮਰੀਕੀ ਦੂਤਘਰ ਅਤੇ ਬਲਾਦ ਫੌਜੀ ਟਿਕਾਣਿਆਂ 'ਤੇ ਰਾਕੇਟ ਹਮਲੇ ਦੇ ਬਾਅਦ ਆਇਆ ਹੈ। ਦੱਸ ਦਈਏ ਕਿ ਟੌਪ ਈਰਾਨੀ ਜਨਰਲ ਕਾਸਿਮ ਸੁਲੇਮਾਨੀ ਦੀ ਮੌਤ ਦੇ ਬਾਅਦ ਭਾਰਤੀ ਸਮੇਂ ਮੁਤਾਬਕ ਸ਼ਨੀਵਾਰ ਅੱਧੀ ਰਾਤ ਨੂੰ ਬਗਦਾਦ 'ਚ ਅਮਰੀਕੀ ਦੂਤਘਰ ਅਤੇ ਬਲਾਦ ਏਅਰ ਬੇਸ 'ਤੇ ਈਰਾਨ ਸਮਰਥਕ ਮਿਲੀਸ਼ੀਆ ਰਾਕੇਟ ਨਾਲ ਜ਼ਬਰਦਸਤ ਹਮਲੇ ਕੀਤੇ ਹਨ।

ਟਰੰਪ ਨੇ ਕਿਹਾ ਕਿ ਕਾਸਿਮ ਸੁਲੇਮਾਨੀ ਨੂੰ ਮਾਰ ਕੇ ਅਮਰੀਕਾ ਨੇ ਦੁਨੀਆ ਨੂੰ ਅੱਤਵਾਦੀ ਨੇਤਾ ਤੋਂ ਮੁਕਤੀ ਦਿਵਾਈ ਹੈ ਜੋ ਕਿ ਅਮਰੀਕੀਆਂ ਸਣੇ ਕਈ ਲੋਕਾਂ ਨੂੰ ਮਾਰ ਚੁੱਕਾ ਸੀ। ਇਸ 'ਚ ਕਈ ਈਰਾਨੀ ਵੀ ਸ਼ਾਮਲ ਸਨ।

PunjabKesari

ਟਰੰਪ ਨੇ ਸਖਤ ਸ਼ਬਦਾਂ 'ਚ ਕਿਹਾ ਕਿ ਇਨ੍ਹਾਂ 52 ਟਿਕਾਣਿਆਂ 'ਚੋਂ ਕਈ ਬੇਹੱਦ ਅਹਿਮ ਹਨ ਅਤੇ ਈਰਾਨ ਦੇ ਸੱਭਿਆਚਾਰ ਲਈ ਮਹੱਤਵਪੂਰਣ ਹਨ। ਟਰੰਪ ਨੇ ਆਪਣੀ ਗੱਲ 'ਤੇ ਜ਼ੋਰ ਦੇਣ ਲਈ ਕੈਪੀਟਲ ਅੱਖਰਾਂ ਦੀ ਵਰਤੋਂ ਕਰਦੇ ਹੋਏ ,'Iran WILL BE HIT VERY FAST AND VERY HARD' ਲਿਖਿਆ ਹੈ।

 

ਮਸਜਿਦ ’ਤੇ ਲਾਲ ਝੰਡਾ ਲਹਿਰਾ ਕੇ ਈਰਾਨ ਨੇ ਕੀਤਾ ਜੰਗ ਦਾ ਐਲਾਨ-
ਅਮਰੀਕਾ ਵਲੋਂ ਕਾਸਿਮ ਸੁਲੇਮਾਨੀ ਦੀ ਹੱਤਿਆ ਦੇ ਜਵਾਬ ਵਿਚ ਈਰਾਨ ਨੇ ਜੰਗ ਦਾ ਆਗਾਜ਼ ਕਰ ਦਿੱਤਾ ਹੈ। ਸ਼ਨੀਵਾਰ ਸਵੇਰੇ ਈਰਾਨ ਨੇ ਮਸਜਿਦ ’ਤੇ ਲਾਲ ਝੰਡਾ ਲਹਿਰਾ ਕੇ ਸੰਭਾਵਿਤ ਜੰਗ ਦੀ ਚਿਤਾਵਨੀ ਦਿੱਤੀ ਹੈ। ਜ਼ਿਕਰਯੋਗ ਹੈ ਕਿ ਅਜਿਹੇ ਹਾਲਾਤ ਵਿਚ ਲਾਲ ਝੰਡਾ ਲਹਿਰਾਉਣ ਦਾ ਮਤਲਬ ਹੁੰਦਾ ਹੈ ਕਿ ਜੰਗ ਲਈ ਤਿਆਰ ਰਹੋ ਜਾਂ ਜੰਗ ਸ਼ੁਰੂ ਹੋ ਚੁੱਕੀ ਹੈ। ਰਿਪੋਰਟਾਂ ਮੁਤਾਬਕ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਈਰਾਨ ਨੇ ਇਸ ਤਰ੍ਹਾਂ ਮਸਜਿਦ ’ਤੇ ਝੰਡਾ ਲਹਿਰਾਇਆ ਹੋਵੇ। ਇਸ ਤੋਂ ਪਹਿਲਾਂ ਈਰਾਨ ਦੇ ਰੈਵੋਲਿਊਸ਼ਨਰੀ ਗਾਰਡਜ਼ ਦੇ ਡਿਪਟੀ ਕਮਾਂਡਰ ਨੇ ਕਿਹਾ ਸੀ ਕਿ ਈਰਾਨ ਦੇ ਸੀਨੀਅਰ ਫੌਜੀ ਕਮਾਂਡਰ ਜਨਰਲ ਕਾਸਿਮ ਸੁਲੇਮਾਨੀ ਨੂੰ ਮਾਰ ਕੇ ਵਾਸ਼ਿੰਗਟਨ ਨੇ ਤਹਿਰਾਨ ਨੂੰ ‘ਢੁਕਵਾਂ’ ਜਵਾਬ ਦੇਣ ਦੀ ਚੁਣੌਤੀ ਦਿੱਤੀ ਹੈ।


Related News