ਅਮਰੀਕਾ ਨੇ ਦੱਖਣੀ ਕੋਰੀਆ ਨਾਲ ਫੌਜੀ ਅਭਿਆਸ ਨੂੰ ਕੀਤਾ ਰੱਦ
Saturday, Jun 23, 2018 - 09:53 AM (IST)

ਵਾਸ਼ਿੰਗਟਨ— ਉੱਤਰੀ ਕੋਰੀਆ ਨਾਲ ਹੋਈ ਰਾਜਨੀਤਕ ਗੱਲਬਾਤ 'ਤੇ ਖਰਾ ਉੱਤਰਣ ਲਈ ਅਮਰੀਕਾ ਅਤੇ ਦੱਖਣੀ ਕੋਰੀਆ ਨੇ ਦੋ ਫੌਜੀ ਅਭਿਆਸ ਅਣਮਿੱਥੇ ਸਮੇਂ ਲਈ ਰੱਦ ਕਰਨ ਲਈ ਸਹਿਮਤੀ ਪ੍ਰਗਟ ਕੀਤੀ ਹੈ। ਪੈਂਟਾਗਨ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਬੁਲਾਰੇ ਡਾਨਾ ਵ੍ਹਾਈਟ ਨੇ ਦੱਸਿਆ,'' ਸਿੰਗਾਪੁਰ ਵਾਰਤਾ ਦੇ ਨਤੀਜਿਆਂ ਕਾਰਨ ਅਤੇ ਸਾਡੇ ਸਾਥੀ 'ਰੀਪਬਲਿਕਨ ਆਫ ਕੋਰੀਆ' ਨਾਲ ਸਹਿਯੋਗ ਲਈ ਰੱਖਿਆ ਮੰਤਰੀ ਜਿਮ ਮੈਟਿਸ ਨੇ ਫੌਜੀ ਅਭਿਆਸਾਂ ਨੂੰ ਰੱਦ ਕਰ ਦਿੱਤਾ ਹੈ। ਵ੍ਹਾਈਟ ਹਾਊਸ ਨੇ ਕਿਹਾ ਕਿ 'ਫ੍ਰੀਡਮ ਗਾਰਡੀਅਨ ਐਕਸਰਸਾਈਜ਼' ਨੂੰ ਸਥਗਿਤ ਕਰਨ ਲਈ ਹੀ ਅਗਲੇ ਤਿੰਨ ਮਹੀਨਿਆਂ 'ਚ ਹੋਣ ਵਾਲੇ ਦੋ ਕੋਰੀਅਨ ਮਰੀਨ ਅਕਸਚੇਂਜ ਪ੍ਰੋਗਰਾਮਾਂ ਨੂੰ ਵੀ ਰੋਕ ਦਿੱਤਾ ਹੈ।
ਤੁਹਾਨੂੰ ਦੱਸ ਦਈਏ ਕਿ 12 ਜੂਨ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉੱਤਰੀ ਕੋਰੀਆ ਦੇ ਮੁਖੀ ਕਿਮ ਜੋਂਗ ਦੀ ਇਤਿਹਾਸਕ ਮੁਲਾਕਾਤ ਸਿੰਗਾਪੁਰ ਵਿਖੇ ਹੋਈ ਸੀ। ਇਸ ਦੌਰਾਨ ਕਿਮ ਜੋਂਗ ਨੇ ਪੂਰੀ ਤਰ੍ਹਾਂ ਪ੍ਰਮਾਣੂ ਪ੍ਰੀਖਣਾਂ ਨੂੰ ਰੋਕਣ ਦੀ ਗੱਲ 'ਤੇ ਸਹਿਮਤੀ ਪ੍ਰਗਟ ਕੀਤੀ ਸੀ। ਦੱਖਣੀ ਕੋਰੀਆ ਅਤੇ ਅਮਰੀਕਾ ਨੇ ਵੀ ਇਸੇ ਤਰਜ਼ 'ਤੇ ਇਹ ਕਦਮ ਚੁੱਕਿਆ ਹੈ।