ਦੱਖਣੀ ਚੀਨ ਸਾਗਰ ''ਚ ਰਹੱਸਮਈ ਵਸਤੂ ਨਾਲ ਟਕਰਾਈ ਅਮਰੀਕੀ ਪਣਡੁੱਬੀ
Friday, Oct 08, 2021 - 02:41 PM (IST)
ਵਾਸ਼ਿੰਗਟਨ (ਭਾਸ਼ਾ) - ਅਮਰੀਕੀ ਜਲ ਸੈਨਾ ਦੀ ਪਣਡੁੱਬੀ ਨੇ ਦੱਖਣੀ ਚੀਨ ਸਾਗਰ ਵਿਚ ਕਿਸੇ ਵਸਤੂ ਨੂੰ ਟੱਕਰ ਮਾਰ ਦਿੱਤੀ। ਗਨੀਮਤ ਇਹ ਰਹੀ ਕਿ ਕੋਈ ਜ਼ਖਮੀ ਨਹੀਂ ਹੋਇਆ ਅਤੇ ਪਣਡੁੱਬੀ ਸੰਚਾਲਨ ਦੇ ਲਿਹਾਜ ਨਾਲ ਠੀਕ ਹਾਲਤ ਵਿਚ ਹੈ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਘਟਨਾ ਦੀ ਸੰਖੇਪ ਜਾਣਕਾਰੀ ਦਿੰਦਿਆਂ ਯੂ.ਐੱਸ. ਪੈਸੀਫਿਕ ਫਲੀਟ ਨੇ ਕਿਹਾ ਕਿ ਪਣਡੁੱਬੀ 'ਯੂ.ਐੱਸ.ਐੱਸ. ਕਨੈਕਟੀਕਟ' ਅਜੇ ਵੀ 'ਸੁਰੱਖਿਅਤ ਅਤੇ ਸਥਿਰ ਸਥਿਤੀ' ਵਿਚ ਹੈ। ਬਿਆਨ ਵਿਚ ਕਿਹਾ ਗਿਆ ਹੈ, 'ਬਾਕੀ ਦੀ ਪਣਡੁੱਬੀ ਨੂੰ ਹੋਏ ਨੁਕਸਾਨ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ।'
ਉਨ੍ਹਾਂ ਕਿਹਾ ਕਿ ਘਟਨਾ ਦੀ ਜਾਂਚ ਕੀਤੀ ਜਾਵੇਗੀ। ਬਿਆਨ ਵਿਚ ਘਟਨਾ ਦੀ ਥਾਂ ਨਹੀਂ ਦੱਸੀ ਗਈ ਹੈ ਪਰ ਜਲ ਸੈਨਾ ਦੇ 2 ਅਧਿਕਾਰੀਆਂ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਇਹ ਘਟਨਾ ਦੱਖਣੀ ਚੀਨ ਸਾਗਰ ਵਿਚ ਉਸ ਸਮੇਂ ਵਾਪਰੀ ਜਦੋਂ ਕਨੈਕਟੀਕਟ ਇਕ ਨਿਯਮਤ ਅਭਿਆਨ 'ਤੇ ਸੀ। ਅਧਿਕਾਰੀਆਂ ਨੇ ਦੱਸਿਆ ਕਿ ਇਹ ਤੁਰੰਤ ਸਪੱਸ਼ਟ ਨਹੀਂ ਹੋ ਸਕਿਆ ਕਿ ਪਣਡੁੱਬੀ ਕਿਸ ਵਸਤੂ ਨਾਲ ਟਕਰਾਈ ਪਰ ਇਹ ਕੋਈ ਹੋਰ ਪਣਡੁੱਬੀ ਨਹੀਂ ਸੀ। ਇਕ ਅਧਿਕਾਰੀ ਨੇ ਦੱਸਿਆ ਕਿ ਇਹ ਡੁੱਬਿਆ ਹੋਇਆ ਜਹਾਜ਼, ਡੁੱਬੇ ਹੋਏ ਜਹਾਜ਼ ਦਾ ਕੋਈ ਕੰਟੇਨਰ ਜਾਂ ਕੋਈ ਹੋਰ ਵਸਤੂ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਕਨੈਕਟੀਕਟ ਵਿਚ ਸਵਾਰ 2 ਮਰੀਨਾਂ ਨੂੰ ਸੱਟਾਂ ਲੱਗੀਆਂ ਹਨ ਅਤੇ ਲੱਗਭਗ 9 ਹੋਰਨਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਸਾਰਿਆਂ ਦਾ ਇਲਾਜ ਪਣਡੁੱਬੀ ਵਿਚ ਹੀ ਕੀਤਾ ਗਿਆ।