ਅਮਰੀਕਾ 'ਚ ਸਿੱਖ ਭਾਈਚਾਰੇ ਨੇ ਪਲਾਸਟਿਕ ਅਤੇ ਹਾਨੀਕਾਰਕ ਕੂੜਾ ਕੀਤਾ ਸਾਫ

Wednesday, Apr 03, 2019 - 12:20 PM (IST)

ਅਮਰੀਕਾ 'ਚ ਸਿੱਖ ਭਾਈਚਾਰੇ ਨੇ ਪਲਾਸਟਿਕ ਅਤੇ ਹਾਨੀਕਾਰਕ ਕੂੜਾ ਕੀਤਾ ਸਾਫ

ਵਾਸ਼ਿੰਗਟਨ (ਰਾਜ ਗੋਗਨਾ)— ਅਮਰੀਕਾ ਦੇ ਵਾਸ਼ਿੰਗਟਨ ਖੇਤਰ ਦੇ ਈਕੋਸਿੱਖ ਦੇ 45 ਵਾਲੰਟੀਅਰਾਂ ਨੇ ਬੀਤੇ ਦਿਨੀਂ ਕਿੰਗਮੈਨ ਆਈਲੈਂਡ ਦੇ ਕੂੜਾ-ਕਰਕਟ ਅਤੇ ਹਾਨੀਕਾਰਕ ਕੂੜੇ ਨੂੰ ਸਾਫ ਕੀਤਾ। ਸਿੱਖ ਵਾਤਾਵਰਣ ਦਿਵਸ ਮਨਾਉਂਦਿਆਂ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ 550ਵੀਂ ਜਨਮ ਵਰ੍ਹੇਗੰਢ ਨੂੰ ਮੁੱਖ ਰੱਖਦਿਆਂ ਇਹ  ਕਦਮ ਚੁੱਕਿਆ ਗਿਆ। ਵਾਸ਼ਿੰਗਟਨ ਖੇਤਰ ਦੇ ਪਾਣੀ ਤੋਂ ਉਹਨਾਂ ਨੇ 50 ਬੈਗਾਂ ਦੀ ਰੱਦੀ ਇਕੱਠੀ ਕੀਤੀ ਜਿਸ ਵਿਚ ਪਲਾਸਟਿਕ ਬੈਗ, ਬੋਤਲਾਂ, ਢੱਕਣ, ਕਵਰ, ਕੱਪ, ਖਾਣਾ ਪਕਾਉਣ ਦੇ ਭਾਡੇ ਅਤੇ ਕੱਚ ਦੇ ਬਰਤਨ ਸ਼ਾਮਿਲ ਸਨ।

PunjabKesari

ਹਰ ਪ੍ਰਕਾਰ ਦਾ ਪ੍ਰਦੂਸ਼ਣ ਫੈਲਾਉਂਦਾ ਇਹ ਕੂੜਾ ਸਮੁੰਦਰਾਂ ਵਿਚ ਜਾ ਰਿਹਾ ਹੈ।ਇਸ ਸਬੰਧੀ ਡਾ. ਗੁਨਪ੍ਰੀਤ ਕੌਰ, ਈਕੋਸਿੱਖ ਵਾਸ਼ਿੰਗਟਨ ਟੀਮ ਦੇ ਕੋਆਰਡੀਨੇਟਰ ਨੇ ਕਿਹਾ,“ਪਲਾਸਟਿਕ ਦੇ ਕੂੜੇ ਦਾ ਸਮੁੰਦਰੀ ਜੀਵਨ ਲਈ ਇਕ ਵੱਡਾ ਖਤਰਾ ਹੈ ਅਤੇ ਇਹ ਪ੍ਰਸ਼ਾਂਤ ਖੇਤਰ ਵਿਚ ਬਹੁਤ ਸਾਰੇ ਪੰਛੀਆਂ ਦੀ ਹੱਤਿਆ ਕਰ ਰਿਹਾ ਹੈ। ਇਹ ਸਾਡੇ ਸਾਰਿਆਂ ਦੇ ਵਾਤਾਵਰਣ 'ਤੇ ਵੀ ਅਸਰ ਪਾਉਂਦਾ ਹੈ।'' ਈਕੋਸਿੱਖ ਨੇ ਅਲਾਇੰਸ ਫਾਰ ਚੈਸਪੀਕ ਅਤੇ ਲਿਵਿੰਗ ਕਲਾਸਰੂਮ ਦੇ ਨਾਲ ਸਾਂਝੇਦਾਰੀ ਵਿਚ ਇਸ ਸਫਾਈ ਸੇਵਾ ਦਾ ਆਯੋਜਨ ਕੀਤਾ ਸੀ।

PunjabKesari

ਇਸ ਸਮਾਗਮ ਦਾ ਆਯੋਜਨ ਕਰਨ ਵਾਲੇ ਈਕੋਸਖ ਸਪੈਸ਼ਲ ਪ੍ਰਾਜੈਕਟ ਕੋਆਰਡੀਨੇਟਰ ਇੰਦਰ ਸਿੰਘ ਰੇਖੀ ਨੇ ਕਿਹਾ,'' 'ਪਵਨ ਗੁਰੂ, ਪਾਣੀ ਪਿਤਾ' ਦੇ ਮਹਾਨ ਸਿਧਾਂਤ ਨੂੰ ਲਾਗੂ ਕਰਦੇ ਹੋਏ ਸਾਰਿਆਂ ਨੇ ਉਤਸ਼ਾਹ ਨਾਲ ਇਹ ਸੇਵਾ ਕੀਤੀ ਸੀ।ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਹ ਸ਼ਾਨਦਾਰ ਸੰਕਲਪ ਹੈ ਜਿਸ ਵਿਚ ਉਹਨਾਂ ਨੇ ਸਾਨੂੰ ਹਵਾ, ਪਾਣੀ ਅਤੇ ਜ਼ਮੀਨ ਦੇ ਨਾਲ ਸਤਕਾਰ ਭਰੇ ਵਿਵਹਾਰ ਲਈ ਪ੍ਰੇਰਿਆ ਹੈ।'' ਉਨ੍ਹਾਂ ਨੇ ਕਿਹਾ,“ਅਸੀਂ ਵਾਸ਼ਿੰਗਟਨ ਦੇ ਸਾਰੇ ਖੇਤਰਾਂ ਦੇ ਗੁਰਦੁਆਰਿਆਂ ਦੇ ਸਹਿਯੋਗ ਦਾ ਧੰਨਵਾਦ ਕਰਦੇ ਹਾਂ।'

PunjabKesari

'ਈਕੋਸਿੱਖ ਦੇ ਸੰਸਥਾਪਕ ਡਾ. ਰਾਜਵੰਤ ਸਿੰਘ ਨੇ ਕਿਹਾ,“ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਤੋਂ ਤੁਰੰਤ ਬਾਹਰ ਨਦੀ ਵਿਚ ਅਸੀਂ ਬਹੁਤ ਜ਼ਿਆਦਾ ਪਲਾਸਟਿਕ ਦੀ ਰਹਿੰਦ-ਖੂੰਹਦ ਨੂੰ ਵੇਖ ਕੇ ਹੈਰਾਨ ਰਹਿ ਗਏ। ਇਹ ਬਾਕੀ ਦੇਸ਼ ਅਤੇ ਸੰਸਾਰ ਲਈ ਵਧੀਆ ਮਿਸਾਲ ਨਹੀਂ ਹੈ।'' ਉਨ੍ਹਾਂ ਨੇ ਕਿਹਾ,“ਵਾਤਾਵਰਣ ਨੂੰ ਸਾਫ ਕਰਨਾ ਅਤੇ ਸੰਭਾਲਣਾ ਸਾਡੇ ਧਾਰਮਿਕ ਕੰਮਾਂ ਦਾ ਹਿੱਸਾ ਹੈ।'' 

PunjabKesari

ਚੈਸਪੀਕੇ ਅਲਾਇੰਸ ਦੇ ਨਿਰਦੇਸ਼ਕ ਕੇਟ ਫ੍ਰੀਟਜ਼ ਨੇ ਕਿਹਾ ਕਿ ਅਸੀਂ ਈਕੋਸਿੱਖ ਨਾਲ ਇਸ ਭਾਈਵਾਲੀ ਲਈ ਬਹੁਤ ਸ਼ੁਕਰਗੁਜ਼ਾਰ ਹਾਂ ਅਤੇ ਸਿੱਖਾਂ ਦੀ ਕਮਿਊਨਿਟੀ ਦੀ ਸੇਵਾ ਤੋਂ ਬਹੁਤ ਪ੍ਰਭਾਵਿਤ ਹੋਏ ਹਾਂ।'' ਚੈਸਾਪੀਕੇ ਦੇ ਅਲਾਇੰਸ ਦੇ ਲੌਰਾ ਟੌਡ ਨੇ ਕਿਹਾ,“ਮੈਂ ਸਿੱਖਾਂ ਦੇ ਵਾਤਾਵਰਣ ਦੇ ਸਮਰਪਣ ਤੋਂ ਪ੍ਰਭਾਵਿਤ ਹੋਈ ਹਾਂ ਅਤੇ ਮੈਂ ਸਿੱਖ ਧਰਮ ਬਾਰੇ ਬਹੁਤ ਕੁਝ ਸਿੱਖਿਆ।'' ਯੂਥ ਕੋਆਰਡੀਨੇਟਰ ਸਿਮਰਨਜੀਤ ਸਿੰਘ ਸੱਚਰ ਨੇ ਕਿਹਾ,“ ਇਸ ਕਾਰਜ ਨੇ ਸਾਡੀਆਂ ਅੱਖਾਂ ਖੋਲ੍ਹੀਆਂ ਹਨ ਕਿ ਅਸੀਂ ਰੋਜ਼ਾਨਾ ਕਿੰਨਾ ਕੁ ਕੂੜਾ ਬਣਾਉਂਦੇ ਹਾਂ ਅਤੇ ਦੁਨੀਆ ਭਰ ਵਿਚ ਇਹ ਕਿਸ ਤਰ੍ਹਾਂ ਦੀ ਤਬਾਹੀ ਦਾ ਕਾਰਣ ਬਣ ਰਿਹਾ ਹੈ।''

PunjabKesari

ਯੂਨੀਵਰਸਿਟੀ ਆਫ ਮੈਰੀਲੈਂਡ ਦੇ ਕਾਲਜ ਵਿਦਿਆਰਥੀ ਜਸਰਾਜ ਸਿੰਘ ਨੇ ਕਿਹਾ,“ਵਾਤਾਵਰਨ ਦੀ ਸੰਭਾਲ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ।'' ਡਾ. ਸਾਹਿਲ ਸੇਖੋਂ ਨੇ ਕਿਹਾ,“ਇਸ ਕਿਸਮ ਦੀ ਸਕਾਰਾਤਮਕ ਕਾਰਵਾਈ ਸਮੇਂ-ਸਮੇਂ 'ਤੇ ਵਧੇਰੇ ਕੀਤੀ ਜਾਣੀ ਚਾਹੀਦੀ ਹੈ।'' ਗਗਨ ਕੌਰ ਨਾਰੰਗ, ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਦੇ ਆਊਟਰੀਚ ਕਮੇਟੀ ਦੇ ਮੈਂਬਰ ਨੇ ਕਿਹਾ,“ਗੁਰੂ ਨਾਨਕ ਦੇਵ ਜੀ ਨੇ ਸਾਨੂੰ ਪ੍ਰੇਰਿਤ ਕਰਨ ਲਈ ਸੰਦੇਸ਼ ਦਿੱਤਾ ਅਤੇ ਇਹ ਸਾਡੇ ਗੁਰੂ ਨਾਲ ਜੁੜਨ ਦਾ ਸਭ ਤੋਂ ਵਧੀਆ ਤਰੀਕਾ ਹੈ।'' ਇਸ ਤੋਂ ਇਲਾਵਾ ਈਕੋਸਿੱਖ ਵਲੋਂ ਇਸ ਸਾਲ ਵਾਸ਼ਿੰਗਟਨ ਵਿਚ ਸ੍ਰੀ ਗੁਰੂ ਨਾਨਕ ਦੇਵ ਦੇ 550ਵੇਂ ਜਨਮ ਦਿਨ ਨੂੰ ਮਨਾਉਣ ਲਈ 550 ਦੇ ਕਰੀਬ ਰੁੱਖ ਲਗਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ।


author

Vandana

Content Editor

Related News