ਅਮਰੀਕਾ ਵੱਲੋਂ ਪਾਕਿ ਨੂੰ ਦਿੱਤੀ ਜਾਣ ਵਾਲੀ ਸੁਰੱਖਿਆ ਸਹਾਇਤਾ 'ਤੇ ਰੋਕ ਜਾਰੀ

Tuesday, May 25, 2021 - 09:38 AM (IST)

ਅਮਰੀਕਾ ਵੱਲੋਂ ਪਾਕਿ ਨੂੰ ਦਿੱਤੀ ਜਾਣ ਵਾਲੀ ਸੁਰੱਖਿਆ ਸਹਾਇਤਾ 'ਤੇ ਰੋਕ ਜਾਰੀ

ਵਾਸ਼ਿੰਗਟਨ (ਭਾਸ਼ਾ): ਪੇਂਟਾਗਨ ਵੱਲੋਂ ਸੋਮਵਾਰ ਨੂੰ ਕਿਹਾ ਗਿਆ ਕਿ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਸੁਰੱਖਿਆ ਸਹਾਇਤਾ ਜੋ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੇ ਮੁਅੱਤਲ ਕਰ ਦਿੱਤੀ ਸੀ ਉਹ ਹਾਲੇ ਵੀ ਮੁਅੱਤਲ ਹੈ। ਅਮਰੀਕਾ ਵੱਲੋਂ ਇਹ ਗੱਲ ਅਜਿਹੇ ਸਮੇਂ ਵਿਚ ਕਹੀ ਗਈ ਹੈ ਜਦੋਂ ਹਾਲ ਹੀ ਵਿਚ ਰੱਖਿਆ ਮੰਤਰੀ ਲੌਇਡ ਆਸਟਿਨ ਨੇ ਪਾਕਿਸਤਾਨ ਦੇ ਸੈਨਾ ਪ੍ਰਮੱਖ ਕਮਰ ਜਾਵੇਦ ਬਾਜਵਾ ਨਾਲ ਗੱਲ ਕੀਤੀ ਅਤੇ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਵਾ ਸੁਲਿਵਨ ਨੇ ਜਿਨੇਵਾ ਵਿਚ ਆਪਣੇ ਪਾਕਿਸਤਾਨੀ ਹਮਰੁਤਬਾ ਨਾਲ ਮੁਲਾਕਾਤ ਕੀਤੀ ਹੈ।

ਪੇਂਟਾਗਨ ਦੇ ਪ੍ਰੈੱਸ ਸਕੱਤਰ ਜੌਨ ਕਿਰਬੀ ਨੇ ਇਕ ਪੱਤਰਕਾਰ ਸੰਮੇਲਨ ਵਿਚ ਕਿਹਾ,''ਪਾਕਿਸਤਾਨ ਨੂੰ ਅਮਰੀਕਾ ਵੱਲੋਂ ਦਿੱਤੀ ਜਾਣ ਵਾਲੀ ਸੁਰੱਖਿਆ ਸਹਾਇਤਾ ਹਾਲੇ ਵੀ ਮੁਅੱਤਲ ਹੈ। ਅੱਗੇ ਇਸ ਵਿਚ ਕੋਈ ਤਬਦੀਲੀ ਹੋਵੇਗੀ ਜਾਂ ਨਹੀਂ ਇਸ ਬਾਰੇ ਵਿਚ ਮੈਂ ਹਾਲੇ ਕੁਝ ਨਹੀਂ ਕਹਿਣਾ ਚਾਹੁੰਦਾ।'' ਕਿਰਬੀ ਤੋਂ ਸਵਾਲ ਪੁੱਛਿਆ ਗਿਆ ਸੀ ਕਿ ਇਸ ਵਿਸ਼ੇ 'ਤੇ ਸਾਬਕਾ ਟਰੰਪ ਪ੍ਰਸ਼ਾਸਨ ਦੀ ਨੀਤੀ ਦੀ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਪ੍ਰਸ਼ਾਸਨ ਨੇ ਸਮੀਖਿਆ ਕੀਤੀ ਹੈ ਜਾਂ ਨਹੀਂ। ਉਹਨਾਂ ਕੋਲੋਂ ਪੁੱਛਿਆ ਗਿਆ ਸੀ ਕੀ ਇਸ ਵਿਚ ਕੋਈ ਤਬਦੀਲੀ ਕੀਤੀ ਗਈ ਹੈ ਜਾਂ ਪਾਕਿਸਤਾਨੀ ਅਗਵਾਈ ਦੇ ਨਾਲ ਇਸ ਮੁੱਦੇ 'ਤੇ ਚਰਚਾ ਹੋਈ ਹੈ। 

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਟਰੰਪ ਨੇ ਜਨਵਰੀ 2018 ਵਿਚ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਸੁਰੱਖਿਆ ਸਹਾਇਤਾ ਮੁਅੱਤਲ ਕਰਦਿਆਂ ਕਿਹਾ ਸੀ ਕਿ ਉਹ ਅੱਤਵਾਦ ਦੇ ਖ਼ਿਲਾਫ਼ ਲੜਾਈ ਵਿਚ ਪਾਕਿਸਤਾਨ ਦੀ ਭੂਮਿਕਾ ਅਤੇ ਉਸ ਦੇ ਵੱਲੋਂ ਮਿਲਣ ਵਾਲੇ ਸਹਿਯੋਗ ਨੂੰ ਲੈ ਕੇ ਸੰਤੁਸ਼ਟ ਨਹੀਂ ਹਨ। ਕਿਰਬੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਆਸਟਿਨ ਨੇ ਜਨਰਲ ਬਾਜਵਾ ਨਾਲ ਗੱਲ ਕੀਤੀ ਅਤੇ ਉਹਨਾਂ ਨਾਲ ਸਾਂਝੇ ਹਿੱਤਾਂ ਅਤੇ ਉਦੇਸ਼ਾਂ ਦੇ ਬਾਰੇ ਚਰਚਾ ਕੀਤੀ। ਉਹਨਾਂ ਨੇ ਦੱਸਿਆ,''ਰੱਖਿਆ ਮੰਤਰੀ ਨੇ ਅਫਗਾਨਿਸਤਾਨ ਸ਼ਾਂਤੀ ਵਾਰਤਾ ਵਿਚ ਪਾਕਿਸਤਾਨ ਦੇ ਸਮਰਥਨ ਦੀ ਪ੍ਰਸ਼ੰਸਾ ਕੀਤੀ ਅਤੇ ਅਮਰੀਕਾ-ਪਾਕਿਸਤਾਨ ਦੋ-ਪੱਖੀ ਸੰਬੰਧਾਂ ਨੂੰ ਵਧਾਉਣ ਦੀ ਆਪਣੀ ਇੱਛਾ ਜ਼ਾਹਰ ਕੀਤੀ।'' ਆਸਟਿਨ ਨੇ ਟਵੀਟ ਕੀਤਾ,''ਮੈਂ ਦੁਹਰਾਇਆ ਕਿ ਅਮਰੀਕਾ-ਪਾਕਿਸਤਾਨ ਸੰਬੰਧਾਂ ਦੀ ਮੈਂ ਪ੍ਰਸ਼ੰਸਾ ਕਰਦਾ ਹਾਂ। ਖੇਤਰੀ ਸੁਰੱਖਿਆ ਅਤੇ ਸਥਿਰਤਾ ਨੂੰ ਵਧਾਉਣ ਖਾਤਰ ਮਿਲ ਕੇ ਕੰਮ ਕਰਨ ਦੀ ਇੱਛਾ ਵੀ ਮੈਂ ਦੁਹਰਾਈ।'' ਸੁਲਿਵਨ ਨੇ ਵੀ ਇਕ ਦਿਨ ਪਹਿਲਾਂ ਆਪਣੇ ਪਾਕਿਸਤਾਨੀ ਹਮਰੁਤਬਾ ਮੋਈਦ ਯੁਸੂਫ ਨਾਲ ਜਿਨੇਵਾ ਵਿਚ ਮੁਲਾਕਾਤ ਕੀਤੀ ਸੀ।

ਨੋਟ- ਅਮਰੀਕਾ ਵੱਲੋਂ ਪਾਕਿ ਨੂੰ ਦਿੱਤੀ ਜਾਣ ਵਾਲੀ ਸੁਰੱਖਿਆ ਸਹਾਇਤਾ 'ਤੇ ਰੋਕ ਜਾਰੀ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
   


author

Vandana

Content Editor

Related News