ਅਮਰੀਕਾ ਨੇ ਤਿੱਬਤ 'ਚ ਮਨੁੱਖਧਿਕਾਰ ਉਲੰਘਣ ਨੂੰ ਲੈ ਕੇ ਚੀਨ ਦੇ 2 ਅਧਿਕਾਰੀਆਂ 'ਤੇ ਲਗਾਇਆ ਬੈਨ

Saturday, Dec 10, 2022 - 03:55 PM (IST)

ਅਮਰੀਕਾ ਨੇ ਤਿੱਬਤ 'ਚ ਮਨੁੱਖਧਿਕਾਰ ਉਲੰਘਣ ਨੂੰ ਲੈ ਕੇ ਚੀਨ ਦੇ 2 ਅਧਿਕਾਰੀਆਂ 'ਤੇ ਲਗਾਇਆ ਬੈਨ

ਇੰਟਰਨੈਸ਼ਨਲ ਡੈਸਕ—ਅਮਰੀਕਾ ਨੇ ਤਿੱਬਤ 'ਚ ਗੰਭੀਰ ਮਨੁੱਖਧਿਕਾਰਾਂ ਦੇ ਉਲੰਘਣਾ ਨੂੰ ਲੈ ਕੇ ਚੀਨ ਦੇ ਦੋ ਸੀਨੀਅਰ ਅਧਿਕਾਰੀਆਂ 'ਤੇ ਪਾਬੰਦੀ ਲਗਾ ਦਿੱਤੀ ਹੈ। ਇਨ੍ਹਾਂ 'ਚ ਤਿੱਬਤ 'ਚ ਚੀਨ ਦੇ ਮੁੱਖ ਅਧਿਕਾਰੀ ਵੂ ਯਿੰਗਜੀ ਅਤੇ ਹਿਮਾਲਿਆ ਖੇਤਰ 'ਚ ਚੀਨ ਦੇ ਪੁਲਸ ਮੁਖੀ ਝਾਂਗ ਹੋਂਗਬੋ ਸ਼ਾਮਲ ਹਨ। ਉਨ੍ਹਾਂ 'ਤੇ ਕੈਦੀਆਂ 'ਤੇ ਤਸ਼ੱਦਦ ਅਤੇ ਕਤਲ ਅਤੇ ਜਬਰੀ ਨਸਬੰਦੀ ਵਰਗੇ ਅਪਰਾਧਾਂ 'ਚ ਸ਼ਾਮਲ ਹੋਣ ਦਾ ਦੋਸ਼ ਹੈ। ਵੂ ਯਿੰਗਜੀ 2016 ਤੋਂ 2021 ਤੱਕ ਤਿੱਬਤ 'ਚ ਪ੍ਰਮੁੱਖ ਚੀਨੀ ਅਧਿਕਾਰੀ ਸੀ। ਪਾਬੰਦੀਆਂ ਦੇ ਤਹਿਤ, ਅਮਰੀਕਾ ਨੇ ਦੋਵਾਂ ਚੀਨੀ ਅਧਿਕਾਰੀਆਂ ਲਈ ਕਿਸੇ ਵੀ ਅਮਰੀਕੀ ਜਾਇਦਾਦ ਅਤੇ ਅਪਰਾਧਿਕ ਲੈਣ-ਦੇਣ ਨੂੰ ਰੋਕ ਦਿੱਤਾ ਹੈ।
ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਇਕ ਬਿਆਨ 'ਚ ਕਿਹਾ ਕਿ ਇਨ੍ਹਾਂ ਕਾਰਵਾਈਆਂ ਦਾ ਉਦੇਸ਼ ਤਿੱਬਤੀ ਖੁਦਮੁਖਤਿਆਰ ਖੇਤਰ 'ਚ ਇਕ ਧਾਰਮਿਕ ਘੱਟ ਗਿਣਤੀ ਸਮੂਹ ਦੇ ਮੈਂਬਰਾਂ ਨੂੰ ਚੀਨ ਦੀ ਜ਼ਬਰਦਸਤੀ ਨਜ਼ਰਬੰਦੀ ਅਤੇ ਸਰੀਰਕ ਸ਼ੋਸ਼ਣ 'ਚ ਵਿਘਨ ਪਾਉਣਾ ਅਤੇ ਰੋਕਣਾ ਹੈ। ਅਮਰੀਕੀ ਖਜ਼ਾਨਾ ਵਿਭਾਗ ਨੇ ਇੱਕ ਬਿਆਨ 'ਚ ਕਿਹਾ ਕਿ ਵੂ ਯਿੰਗਜੀ ਨੇ ਤਿੱਬਤ 'ਚ ਮਨੁੱਖਧਿਕਾਰਾਂ ਦੇ ਘੋਰ ਉਲੰਘਣਾ ਦੀ ਨੀਤੀ ਲਾਗੂ ਕੀਤੀ ਸੀ, ਜਿਸ 'ਚ ਗੈਰ-ਨਿਆਇਕ ਹੱਤਿਆਵਾਂ, ਸਰੀਰਕ ਸ਼ੋਸ਼ਣ, ਮਨਮਾਨੀ ਗ੍ਰਿਫਤਾਰੀਆਂ ਅਤੇ ਸਮੂਹਿਕ ਨਜ਼ਰਬੰਦੀ ਸ਼ਾਮਲ ਹਨ। ਬਿਆਨ 'ਚ ਕਿਹਾ ਗਿਆ ਹੈ ਕਿ ਵੂ ਦੇ ਕਾਰਜਕਾਲ ਦੌਰਾਨ ਹੋਰ ਅਪਰਾਧਾਂ 'ਚ ਜਬਰੀ ਨਸਬੰਦੀ, ਜਬਰੀ ਗਰਭਪਾਤ, ਧਾਰਮਿਕ ਅਤੇ ਰਾਜਨੀਤਿਕ ਆਜ਼ਾਦੀਆਂ 'ਤੇ ਪਾਬੰਦੀਆਂ ਅਤੇ ਕੈਦੀਆਂ ਨੂੰ ਤਸੀਹੇ ਦੇਣਾ ਸ਼ਾਮਲ ਹੈ।
ਜਦਕਿ ਝਾਂਗ ਤਿੱਬਤ ਖੇਤਰ 'ਚ ਨਜ਼ਰਬੰਦੀ ਕੇਂਦਰ ਚਲਾਉਣ, ਕੈਦੀਆਂ ਨੂੰ ਤਸੀਹੇ ਦੇਣ ਅਤੇ ਕਤਲ ਕਰਨ ਅਤੇ ਹੋਰ ਗੰਭੀਰ ਅਪਰਾਧਾਂ 'ਚ ਸ਼ਾਮਲ ਹੈ। ਦੱਸ ਦਈਏ ਕਿ ਪਿਛਲੇ ਮਹੀਨੇ ਬਾਲੀ 'ਚ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਆਪਣੇ ਚੀਨੀ ਹਮਰੁਤਬਾ ਸ਼ੀ ਜਿਨਪਿੰਗ ਨਾਲ ਮੁਲਾਕਾਤ ਕੀਤੀ ਸੀ ਅਤੇ ਦੋਵੇਂ ਨੇਤਾ ਗੱਲਬਾਤ ਨੂੰ ਅੱਗੇ ਵਧਾਉਣ 'ਤੇ ਸਹਿਮਤ ਹੋਏ ਸਨ। ਪਰ ਨਵੀਂਆਂ ਪਾਬੰਦੀਆਂ ਦਾ ਐਲਾਨ ਅਮਰੀਕਾ ਅਤੇ ਚੀਨ ਵਿਚਾਲੇ ਤਣਾਅ ਘੱਟ ਹੋਣ ਦੇ ਬਾਵਜੂਦ ਕੀਤਾ ਗਿਆ ਹੈ।
 


author

Aarti dhillon

Content Editor

Related News