ਅਮਰੀਕੀ ਰਿਪੋਰਟ 'ਚ ਦਾਅਵਾ- 'ਭਾਰਤ ਨੂੰ ਮੁਕਾਬਲੇਬਾਜ਼ ਮੰਨਦਾ ਹੈ ਚੀਨ'
Friday, Nov 20, 2020 - 10:02 AM (IST)
ਵਾਸ਼ਿੰਗਟਨ- ਅਮਰੀਕਾ ਦੇ ਵਿਦੇਸ਼ ਮੰਤਰਾਲਾ ਨੇ ਇਕ ਰਿਪੋਰਟ ’ਚ ਦਾਅਵਾ ਕੀਤਾ ਹੈ ਕਿ ਭਾਰਤ ਦੇ ਵੱਧਦੇ ਪ੍ਰਭਾਵ ਕਾਰਨ ਚੀਨ ਉਸ ਨੂੰ ਇਕ ਮੁਕਾਬਲੇਬਾਜ਼ ਮੰਨਦਾ ਹੈ ਅਤੇ ਅਮਰੀਕਾ, ਉਸ ਦੇ ਸਹਿਯੋਗੀਆਂ ਅਤੇ ਹੋਰ ਲੋਕਤੰਤਰੀ ਦੇਸ਼ਾਂ ਨਾਲ ਉਸ ਦੀ ਰਣਨੀਤਕ ਸਾਂਝੇਦਾਰੀ ਨੂੰ ਰੋਕਣਾ ਚਾਹੁੰਦਾ ਹੈ ਤਾਂ ਜੋ ਵਿਸ਼ਵ ਮਹਾਸ਼ਕਤੀ ਦੇ ਰੂਪ ’ਚ ਉਹ ਅਮਰੀਕਾ ਨੂੰ ਹਟਾ ਸਕੇ।
ਲੱਦਾਖ ਵਿਚ ਚੱਲ ਰਹੇ ਤਣਾਅ ਵਿਚਕਾਰ ਅਮਰੀਕਾ ਵਲੋਂ ਇਹ ਬਿਆਨ ਦਿੱਤਾ ਗਿਆ ਹੈ। ਅਮਰੀਕਾ ਵਿਚ 3 ਨਵੰਬਰ ਨੂੰ ਹੋਈਆਂ ਰਾਸ਼ਟਰਪਤੀ ਚੋਣਾਂ ਵਿਚ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋਅ ਬਾਈਡੇਨ ਦੀ ਜਿੱਤ ਦੇ ਬਾਅਦ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਉਨ੍ਹਾਂ ਨੂੰ ਸੱਤਾ ਹਾਸਲ ਹੋਣ ਤੋਂ ਪਹਿਲਾਂ ਇਹ ਵਿਸਥਾਰਤ ਨੀਤੀ ਦਸਤਾਵੇਜ਼ ਆਇਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਚੀਨ ਖੇਤਰ ਦੇ ਕਈ ਦੇਸ਼ਾਂ ਦੀ ਸੁਰੱਖਿਆ ਅਤੇ ਆਰਥਿਕ ਹਿੱਤਾਂ ਨੂੰ ਕਮਜ਼ੋਰ ਕਰ ਰਿਹਾ ਹੈ, ਜਿਸ ਵਿਚ ਦੱਖਣੀ ਪੂਰਬੀ ਏਸ਼ੀਆਈ ਦੇਸ਼ਾਂ ਦੇ ਸੰਗਠਨ ਦੇ ਮੈਂਬਰ ਦੇਸ਼, ਜਿਨ੍ਹਾਂ ਦੇ ਮਹੱਤਵਪੂਰਣ ਮੈਕੋਂਗ ਖੇਤਰ, ਨਾਲ ਹੀ ਪ੍ਰਸ਼ਾਂਤ ਟਾਪੂ ਸਮੂਹ ਦੇ ਰਾਸ਼ਟਰ ਵੀ ਸ਼ਾਮਲ ਹਨ।
ਅਮਰੀਕੀ ਵਿਦੇਸ਼ ਮੰਤਰਾਲੇ ਦੀ 70 ਪੰਨਿਆਂ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅਮਰੀਕਾ ਤੇ ਦੁਨੀਆ ਭਰ ਦੇ ਦੇਸ਼ਾਂ ਵਿਚ ਜਾਗਰੂਕਤਾ ਵੱਧ ਰਹੀ ਹੈ। ਚੀਨ ਦੀ ਕਮਿਊਨਿਸਟ ਪਾਰਟੀ ਨੇ ਮਹਾਨ ਸ਼ਕਤੀਆਂ ਦੀ ਪ੍ਰਤੀਯੋਗਤਾ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰ ਦਿੱਤੀ ਹੈ।