ਅਮਰੀਕੀ ਰਾਸ਼ਟਰਪਤੀ ਟਰੰਪ ’ਤੇ ਲੱਗੇ ਰੇਪ ਦੇ ਦੋਸ਼, ਨਿਆਂ ਵਿਭਾਗ ਨੇ ਕੀਤੇ ਰੱਦ
Thursday, Dec 25, 2025 - 04:07 AM (IST)
ਵਾਸ਼ਿੰਗਟਨ - ਅਮਰੀਕੀ ਨਿਆਂ ਵਿਭਾਗ ਵੱਲੋਂ ਜਾਰੀ ਜੈਫਰੀ ਐਪਸਟੀਨ ਜਾਂਚ ਨਾਲ ਜੁੜੇ ਨਵੇਂ ਦਸਤਾਵੇਜ਼ਾਂ ’ਚ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਲੈ ਕੇ ਇਕ ਗੰਭੀਰ ਪਰ ਅਪ੍ਰਮਾਣਿਤ ਦੋਸ਼ ਸਾਹਮਣੇ ਆਏ ਹਨ। ਇਨ੍ਹਾਂ ਦਸਤਾਵੇਜ਼ਾਂ ’ਚ ਦਾਅਵਾ ਕੀਤਾ ਗਿਆ ਹੈ ਕਿ ਦਹਾਕਿਆਂ ਪਹਿਲਾਂ ਟਰੰਪ ’ਤੇ ਇਕ ਔਰਤ ਨੇ ਰੇਪ ਦਾ ਦੋਸ਼ ਲਾਇਆ ਸੀ, ਹਾਲਾਂਕਿ ਨਿਆਂ ਵਿਭਾਗ ਨੇ ਇਨ੍ਹਾਂ ਦੋਸ਼ਾਂ ਨੂੰ ਰੱਦ ਕਰਦਿਆਂ ਇਨ੍ਹਾਂ ਨੂੰ ‘ਝੂਠਾ’ ਦੱਸਿਆ ਹੈ। ਨਿਆਂ ਵਿਭਾਗ ਨੇ ਸਪੱਸ਼ਟ ਕੀਤਾ ਕਿ ਇਨ੍ਹਾਂ ਫਾਈਲਾਂ ’ਚ ਦਰਜ ਦੋਸ਼ਾਂ ਦੀ ਕੋਈ ਪੁਸ਼ਟੀ ਨਹੀਂ ਹੋਈ ਹੈ। ਨਿਆਂ ਵਿਭਾਗ ਨੇ ਇਕ ਅਸਾਧਾਰਨ ਤੌਰ ’ਤੇ ਜਨਤਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਨ੍ਹਾਂ ’ਚੋਂ ਕੁਝ ਦੋਸ਼ 2020 ਦੀਆਂ ਰਾਸ਼ਟਰਪਤੀ ਚੋਣਾਂ ਤੋਂ ਠੀਕ ਪਹਿਲਾਂ ਐੱਫ. ਬੀ. ਆਈ. ਨੂੰ ਭੇਜੇ ਗਏ ਸਨ ਅਤੇ ਇਨ੍ਹਾਂ ਦਾ ਕੋਈ ਭਰੋਸੇਯੋਗ ਆਧਾਰ ਨਹੀਂ ਸੀ। ਵਿਭਾਗ ਨੇ ਕਿਹਾ ਕਿ ਇਹ ਸਪੱਸ਼ਟ ਕਰ ਦੇਣਾ ਜ਼ਰੂਰੀ ਹੈ ਕਿ ਇਹ ਦਾਅਵੇ ਝੂਠੇ ਅਤੇ ਬੇਬੁਨਿਆਦ ਹਨ।
ਹੁਣ ਤੱਕ 3 ਲੱਖ ਦਸਤਾਵੇਜ਼ ਜਾਰੀ ਕੀਤੇ ਗਏ
ਨਿਆਂ ਵਿਭਾਗ ਨੇ ਜੈਫਰੀ ਐਪਸਟੀਨ ਨਾਲ ਜੁੜੀ ਜਾਂਚ ਤਹਿਤ ਸ਼ੁੱਕਰਵਾਰ ਰਾਤ 2:30 ਵਜੇ (ਭਾਰਤੀ ਸਮੇਂ ਅਨੁਸਾਰ) 3 ਲੱਖ ਦਸਤਾਵੇਜ਼ ਜਾਰੀ ਕੀਤੇ ਸਨ। ਹਾਲਾਂਕਿ, ਅਜੇ ਵੀ ਪੂਰੇ ਦਸਤਾਵੇਜ਼ਾਂ ਦੇ ਜਾਰੀ ਹੋਣ ’ਚ ਕੁਝ ਸਮਾਂ ਲੱਗ ਸਕਦਾ ਹੈ। ਇਨ੍ਹਾਂ ’ਚ ਸਾਬਕਾ ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ, ਪੌਪ ਗਾਇਕ ਮਾਈਕਲ ਜੈਕਸਨ ਵਰਗੀਆਂ ਪ੍ਰਮੁੱਖ ਹਸਤੀਆਂ ਦੀਆਂ ਤਸਵੀਰਾਂ ਸਾਹਮਣੇ ਆਈਆਂ, ਹਾਲਾਂਕਿ ਡੋਨਾਲਡ ਟਰੰਪ ਦਾ ਨਾਂ ਲੱਗਭਗ ਨਾਂਹ ਦੇ ਬਰਾਬਰ ਪਾਇਆ ਗਿਆ, ਜਦਕਿ ਫਰਵਰੀ ’ਚ ਜਾਰੀ ਕੀਤੇ ਗਏ ਐਪਸਟੀਨ ਦੇ ਨਿੱਜੀ ਜੈੱਟ ਦੇ ਫਲਾਈਟ ਲਾਗਸ ’ਚ ਟਰੰਪ ਦਾ ਨਾਂ ਸਾਹਮਣੇ ਆ ਚੁੱਕਾ ਹੈ।
