ਨਿੱਕੀ ਹੈਲੀ ਨੇ ਟਰੰਪ ਨੂੰ ਦਿੱਤੀ ਮਾਤ, ਰਿਪਬਲਿਕਨ ਪ੍ਰਾਇਮਰੀ ਚੋਣ ਜਿੱਤਣ ਵਾਲੀ ਬਣੀ ਪਹਿਲੀ ਮਹਿਲਾ

03/04/2024 11:14:38 AM

ਵਾਸ਼ਿੰਗਟਨ (ਰਾਜ ਗੋਗਨਾ/ਭਾਸ਼ਾ)- ਅਮਰੀਕਾ ਵਿੱਚ ਇਸ ਸਾਲ ਨਵੰਬਰ ਵਿੱਚ ਰਾਸ਼ਟਰਪਤੀ ਚੋਣਾਂ ਹੋਣ ਜਾ ਰਹੀਆਂ ਹਨ। ਰਿਪਬਲਿਕਨ ਪਾਰਟੀ ਤੋਂ ਨਿੱਕੀ ਹੈਲੀ ਅਤੇ ਡੋਨਾਲਡ ਟਰੰਪ ਵਿਚਾਲੇ ਸਖ਼ਤ ਮੁਕਾਬਲਾ ਹੋ ਰਿਹਾ ਹੈ। ਉਥੇ ਹੀ ਅਮਰੀਕਾ ਵਿੱਚ ਰਾਸ਼ਟਰਪਤੀ ਚੋਣ ਲਈ ਰਿਪਬਲਿਕਨ ਉਮੀਦਵਾਰ ਚੁਣਨ ਦੀ ਪ੍ਰਕਿਰਿਆ ਦੇ ਹਿੱਸੇ ਵਜੋਂ ਡਿਸਟ੍ਰਿਕਟ ਆਫ ਕੋਲੰਬੀਆ (ਡੀ. ਸੀ.) ਦੀਆਂ ਪ੍ਰਾਇਮਰੀ ਚੋਣਾਂ ਵਿੱਚ ਨਿੱਕੀ ਹੈਲੀ ਨੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਹਰਾ ਕੇ 2024 ਦੀ ਮੁਹਿੰਮ ਦੌਰਾਨ ਆਪਣੀ ਪਹਿਲੀ ਜਿੱਤ ਹਾਸਲ ਕੀਤੀ। ਨਿੱਕੀ ਨੂੰ 62.9 ਫ਼ੀਸਦੀ ਵੋਟਾਂ ਮਿਲੀਆਂ, ਜਦਕਿ ਟਰੰਪ ਨੂੰ ਸਿਰਫ਼ 33.2 ਫ਼ੀਸਦੀ ਵੋਟਾਂ ਮਿਲੀਆਂ। ਨਿੱਕੀ ਹੈਲੀ ਰਿਪਬਲਿਕਨ ਪ੍ਰਾਇਮਰੀ ਚੋਣ ਜਿੱਤਣ ਵਾਲੀ ਅਮਰੀਕੀ ਇਤਿਹਾਸ ਦੀ ਪਹਿਲੀ ਮਹਿਲਾ ਬਣ ਗਈ ਹੈ। ਉਹ ਡੈਮੋਕਰੇਟਿਕ ਜਾਂ ਰਿਪਬਲਿਕਨ ਪ੍ਰਾਇਮਰੀ ਜਿੱਤਣ ਵਾਲੀ ਪਹਿਲੀ ਭਾਰਤੀ-ਅਮਰੀਕੀ ਵੀ ਹੈ। ਭਾਵੇਂ ਹੈਲੀ ਨੇ ਐਤਵਾਰ ਨੂੰ ਮਿਲੀ ਜਿੱਤ ਨਾਲ ਟਰੰਪ ਦੇ ਜੇਤੂ ਰੱਥ ਨੂੰ ਅਸਥਾਈ ਤੌਰ 'ਤੇ ਰੋਕ ਦਿੱਤਾ ਹੈ ਪਰ ਰਾਸ਼ਟਰਪਤੀ ਦੀ ਦੌੜ 'ਚ ਟਰੰਪ ਦਾ ਦਾਅਵਾ ਕਾਫ਼ੀ ਮਜ਼ਬੂਤ ​​ਹੈ।

ਇਹ ਵੀ ਪੜ੍ਹੋ: ਬ੍ਰਿਟੇਨ ਸਰਕਾਰ ਇਨ੍ਹਾਂ ਲੋਕਾਂ ਦੀ ਐਂਟਰੀ ਬੈਨ ਕਰਨ ਦੀ ਬਣਾ ਰਹੀ ਯੋਜਨਾ, ਜਾਣੋ ਵਜ੍ਹਾ

ਇਸ ਹਫ਼ਤੇ ਹੋਣ ਵਾਲੇ 'ਸੁਪਰ ਟਿਊਜ਼ਡੇ' (ਮਹਾ ਮੰਗਲਵਾਰ) 'ਚ ਸਾਬਕਾ ਰਾਸ਼ਟਰਪਤੀ ਨੂੰ ਵੱਡੀ ਗਿਣਤੀ 'ਚ ਡੈਲੀਗੇਟਾਂ (ਵੋਟਰਾਂ ਦੀ ਨੁਮਾਇੰਦਗੀ ਕਰਨ ਵਾਲੇ ਪਾਰਟੀ ਮੈਂਬਰਾਂ) ਦਾ ਸਮਰਥਨ ਮਿਲਣ ਦੀ ਸੰਭਾਵਨਾ ਹੈ। 'ਸੁਪਰ ਟਿਊਜ਼ਡੇ' ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰਾਂ ਦੀ ਚੋਣ ਕਰਨ ਲਈ ਪ੍ਰਾਇਮਰੀ ਚੋਣ ਪ੍ਰਕਿਰਿਆ ਦਾ ਦਿਨ ਹੈ, ਜਦੋਂ ਜ਼ਿਆਦਾਤਰ ਰਾਜਾਂ ਵਿੱਚ ਪ੍ਰਾਇਮਰੀ ਅਤੇ ਕਾਕਸ ਚੋਣਾਂ ਹੁੰਦੀਆਂ ਹਨ। ਪਿਛਲੇ ਹਫ਼ਤੇ ਆਪਣੇ ਗ੍ਰਹਿ ਰਾਜ ਦੱਖਣੀ ਕੈਰੋਲੀਨਾ ਵਿੱਚ ਮਿਲੀ ਹਾਰ ਦੇ ਬਾਵਜੂਦ ਹੈਲੀ ਨੇ ਕਿਹਾ ਸੀ ਕਿ ਉਹ ਆਪਣੀ ਦਾਅਵੇਦਾਰੀ ਨਹੀਂ ਛੱਡੇਗੀ। ਡੀ.ਸੀ. ਰਿਪਬਲਿਕਨ ਪਾਰਟੀ ਦੇ ਅਧਿਕਾਰੀਆਂ ਨੇ ਐਤਵਾਰ ਨੂੰ ਹੈਲੀ ਨੂੰ ਜੇਤੂ ਐਲਾਨ ਦਿੱਤਾ। ਇਸ ਤੋਂ ਪਹਿਲਾਂ, ਟਰੰਪ ਨੇ ਸ਼ਨੀਵਾਰ ਨੂੰ ਇਡਾਹੋ ਅਤੇ ਮਿਸੂਰੀ ਵਿੱਚ ਕਾਕਸ ਵਿਚ ਜਿੱਤ ਹਾਸਲ ਕੀਤੀ ਸੀ ਅਤੇ ਮਿਸ਼ੀਗਨ ਵਿੱਚ ਰਿਪਬਲਿਕਨ ਪਾਰਟੀ ਦੇ ਸੰਮੇਲਨ ਵਿੱਚ ਸਾਰਿਆਂ ਦਾ ਸਮਰਥਨ ਪ੍ਰਾਪਤ ਕੀਤਾ ਸੀ। ਇਸ ਜਿੱਤ ਤੋਂ ਬਾਅਦ ਹੈਲੀ ਨੂੰ ਵਾਸ਼ਿੰਗਟਨ ਡੀਸੀ ਦੇ ਸਾਰੇ 19 ਰਿਪਬਲਿਕਨ ਡੈਲੀਗੇਟਾਂ ਦਾ ਸਮਰਥਨ ਮਿਲੇਗਾ। ਇਸ ਨਾਲ ਹੈਲੀ ਨੂੰ ਕੁੱਲ 43 ਡੈਲੀਗੇਟਾਂ ਦਾ ਸਮਰਥਨ ਹਾਸਲ ਹੋਵੇਗਾ। ਟਰੰਪ ਨੂੰ ਹੁਣ ਤੱਕ 244 ਡੈਲੀਗੇਟਾਂ ਦਾ ਸਮਰਥਨ ਮਿਲ ਚੁੱਕਾ ਹੈ। ਰਾਸ਼ਟਰਪਤੀ ਚੋਣਾਂ ਵਿੱਚ ਰਿਪਬਲਿਕਨ ਪਾਰਟੀ ਦਾ ਉਮੀਦਵਾਰ ਬਣਨ ਲਈ ਕਿਸੇ ਵੀ ਦਾਅਵੇਦਾਰ ਨੂੰ ਘੱਟੋ-ਘੱਟ 1,215 ਡੈਲੀਗੇਟਾਂ ਦੇ ਸਮਰਥਨ ਦੀ ਲੋੜ ਹੋਵੇਗੀ। 

ਇਹ ਵੀ ਪੜ੍ਹੋ: ਕਲਯੁਗੀ ਮਾਂ ਦੀ ਕਰਤੂਤ, 12 ਸਾਲਾ ਪੁੱਤਰ ਨੂੰ ਕੁੱਤੇ ਦੇ ਪਿੰਜਰੇ 'ਚ ਕੀਤਾ ਬੰਦ, ਮਾਈਨਸ ਡਿਗਰੀ 'ਚ ਠੰਡੇ ਪਾਣੀ ਨਾਲ ਨਵਾਇਆ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


cherry

Content Editor

Related News