ਨੇਵੀ ਸੀਲ ਦੇ ਅਧਿਕਾਰੀ ਨੇ ਕੈਦੀ ਬੱਚੇ ਨੂੰ ਮਾਰਿਆ, ਕਿਹਾ 'ISIS ਦਾ ਕੂੜਾ'
Thursday, Jun 20, 2019 - 02:13 PM (IST)

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਦੇ ਨੇਵੀ ਸਾਲ ਦੇ ਦੋ ਸਾਬਕਾ ਕਰਮੀਆਂ ਨੇ ਯੁੱਧ ਅਪਰਾਧ ਸਬੰਧੀ ਇਕ ਮਾਮਲੇ ਵਿਚ ਗਵਾਹੀ ਦਿੱਤੀ। ਮਾਮਲੇ ਦੀ ਸੁਣਵਾਈ ਦੌਰਾਨ ਸਾਬਕਾ ਕਰਮੀਆਂ ਨੇ ਕਿਹਾ ਕਿ ਉਨ੍ਹਾਂ ਦੇ ਅਧਿਕਾਰੀ ਨੇ ਇਸਲਾਮਿਕ ਸਟੇਟ ਦੇ ਕਰੀਬ 12 ਸਾਲ ਦੇ ਇਕ ਜ਼ਖਮੀ ਕੈਦੀ ਦੀ ਗਰਦਨ 'ਤੇ ਚਾਕੂ ਨਾਲ ਹਮਲਾ ਕੀਤਾ ਅਤੇ ਉਸ ਦੀ ਹੱਤਿਆ ਦੇ ਬਾਅਦ ਮਜ਼ਾਕ ਉਡਾਉਣ ਦੇ ਅੰਦਾਜ਼ ਵਿਚ ਕਿਹਾ,''ਇਹ ਬੱਚਾ ਆਈ.ਐੱਸ.ਆਈ.ਐੱਸ. ਦਾ ਕੂੜਾ ਸੀ।''
ਡਾਈਲੈਨ ਡਿਲੇ ਅਤੇ ਕ੍ਰੇਗ ਮਿਲਰ ਨੇ ਯੁੱਧ ਅਪਰਾਧ ਦੇ ਦੋਸ਼ ਝੱਲ ਰਹੇ ਸਪੈਸ਼ਲ ਆਪਰੇਸ਼ਨਜ਼ ਚੀਫ ਐਡਵਰਡ ਗੈਲਾਘੇਰ ਵਿਰੁੱਧ ਸੁਣਵਾਈ ਦੇ ਦੂਜੇ ਦਿਨ ਇਹ ਗੱਲ ਕਹੀ। ਗੈਲਾਘੇਰ ਨੇ ਸਾਲ 2017 ਵਿਚ ਇਰਾਕ ਵਿਚ ਡਿਊਟੀ 'ਤੇ ਤਾਇਨਾਤੀ ਦੌਰਾਨ ਹੱਤਿਆ ਕਰਨ ਅਤੇ ਹੱਤਿਆ ਦੀ ਕੋਸ਼ਿਸ਼ ਕਰਨ ਦੇ ਮਾਮਲਿਆਂ ਵਿਚ ਖੁਦ ਨੂੰ ਬੇਕਸੂਰ ਦੱਸਿਆ। ਡਿਲੇ ਨੇ ਦੱਸਿਆ ਕਿ ਜਦੋਂ 3 ਮਈ 2017 ਨੂੰ ਇਕ ਰੇਡੀਓ ਕਾਲ ਵਿਚ ਇਕ ਕੈਦੀ ਦੇ ਜ਼ਖਮੀ ਹੋਣ ਦਾ ਐਲਾਨ ਕੀਤਾ ਗਿਆ ਤਾਂ ਗੈਲਾਘੇਰ ਨੇ ਜਵਾਬ ਦਿੱਤਾ,''ਇਸ ਨੂੰ ਹੱਥ ਨਾ ਲਗਾਓ, ਇਹ ਮੇਰਾ ਹੈ।''
ਡਿਲੇ ਨੇ ਦੱਸਿਆ,''ਕੈਦੀ ਲੱਗਭਗ ਬੇਹੋਸ਼ੀ ਦੀ ਹਾਲਤ ਵਿਚ ਸੀ ਅਤੇ ਉਸ ਦੇ ਪੈਰ 'ਤੇ ਮਾਮੂਲੀ ਜ਼ਖਮ ਦਿੱਸ ਰਿਹਾ ਸੀ। ਉਹ ਕਰੀਬ 12 ਸਾਲ ਦਾ ਪਤਲਾ ਜਿਹਾ ਬੱਚਾ ਸੀ।'' ਸਿਖਲਾਈ ਪ੍ਰਾਪਤ ਡਾਕਟਰ ਗੈਲਾਘੇਰ ਨੇ ਮੁੰਡੇ ਦਾ ਇਲਾਜ ਕਰਨਾ ਸ਼ੁਰੂ ਕੀਤਾ। ਜਦੋਂ ਉਸ ਨੇ ਮੁੰਡੇ ਦੇ ਜ਼ਖਮੀ ਪੈਰ 'ਤੇ ਭਾਰ ਪਾਇਆ ਤਾਂ ਉਹ ਦਰਦ ਨਾਲ ਚੀਕ ਪਿਆ। ਮਿਲਰ ਨੇ ਦੱਸਿਆ,''ਗੈਲਾਘੇਰ ਨੇ ਬੱਚੇ ਦੀ ਛਾਤੀ 'ਤੇ ਆਪਣਾ ਪੈਰ ਰੱਖ ਦਿੱਤਾ ਤਾਂ ਜੋ ਉਹ ਉੱਪਰ ਨਾ ਉੱਠ ਸਕੇ। ਉਸ ਨੇ ਦੇਖਿਆ ਕਿ ਗੈਲਾਘੇਰ ਨੇ ਅਚਾਨਕ ਬੱਚੇ ਦੀ ਗਰਦਨ 'ਤੇ ਦੋ ਵਾਰ ਚਾਕੂ ਮਾਰਿਆ।''
ਡਿਲੇ ਨੇ ਦੱਸਿਆ ਕਿ ਬਾਅਦ ਵਿਚ ਗੈਲਾਘੇਰ ਨੇ ਉਸ ਨੂੰ ਅਤੇ ਹੋਰ ਅਧਿਕਾਰੀਆਂ ਨੂੰ ਕਿਹਾ ਕਿ ਉਹ ਜਾਣਦਾ ਹੈ ਕਿ ਜੋ ਕੁਝ ਹੋਇਆ ਉਸ ਨਾਲ ਉਹ ਦੁਖੀ ਹੈ ਪਰ ਇਹ ਆਈ.ਐੱਸ.ਆਈ.ਐੱਸ. ਦਾ ਕੂੜਾ ਸੀ। ਬਚਾਅ ਪੱਖ ਦੇ ਵਕੀਲਾਂ ਨੇ ਕਿਹਾ ਕਿ ਗੈਲਾਘੇਰ ਨੇ ਟਿਊਬ ਪਾਉਣ ਲਈ ਲੜਕੇ ਦੇ ਗਲੇ ਵਿਚ ਚਾਕੂ ਨਾਲ ਕੱਟ ਲਗਾਇਆ ਸੀ। ਇਸ ਮਾਮਲੇ ਵਿਚ ਹੋਰ ਸਾਬਕਾ ਸੀਲ ਫੌਜੀਆਂ ਦੇ ਗਵਾਹੀ ਦੇਣ ਦੀ ਉਮੀਦ ਹੈ।