ਨਾਰਵੇ ''ਚ ਅਮਰੀਕੀ ਫ਼ੌਜ ਦਾ ਜਹਾਜ਼ ਹਾਦਸਾਗ੍ਰਸਤ, 4 ਫ਼ੌਜੀਆਂ ਦੀ ਮੌਤ

Saturday, Mar 19, 2022 - 03:57 PM (IST)

ਨਾਰਵੇ ''ਚ ਅਮਰੀਕੀ ਫ਼ੌਜ ਦਾ ਜਹਾਜ਼ ਹਾਦਸਾਗ੍ਰਸਤ, 4 ਫ਼ੌਜੀਆਂ ਦੀ ਮੌਤ

ਹੇਲਸਿੰਕੀ (ਭਾਸ਼ਾ)- ਨਾਰਵੇ ਵਿਚ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੇ ਯੁੱਧ ਅਭਿਆਸ ਦੌਰਾਨ ਇਕ ਜਹਾਜ਼ ਹਾਦਸੇ ਵਿਚ 4 ਅਮਰੀਕੀ ਫ਼ੌਜੀਆਂ ਦੀ ਮੌਤ ਹੋ ਗਈ ਹੈ। ਨਾਰਵੇ ਦੇ ਪ੍ਰਧਾਨ ਮੰਤਰੀ ਜੋਨਾਸ ਗਹਿਰ ਸਟੋਰ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਜੋਨਾਸ ਸਟੋਰ ਨੇ ਟਵੀਟ ਕੀਤਾ ਕਿ ਸ਼ੁੱਕਰਵਾਰ ਰਾਤ ਨੂੰ ਵਾਪਰੇ ਇਸ ਹਾਦਸੇ ਵਿਚ 4 ਅਮਰੀਕੀ ਫ਼ੌਜੀ ਮਾਰੇ ਗਏ।

ਉਨ੍ਹਾਂ ਟਵੀਟ ਕੀਤਾ, 'ਅਮਰੀਕਾ ਦੇ ਇਹ ਫ਼ੌਜੀ ਨਾਟੋ ਦੇ ਇਕ ਸਾਂਝੇ ਅਭਿਆਸ ਵਿਚ ਹਿੱਸਾ ਲੈ ਰਹੇ ਸਨ। ਅਸੀਂ ਮਾਰੇ ਗਏ ਸੈਨਿਕਾਂ ਦੇ ਪਰਿਵਾਰਾਂ ਅਤੇ ਸਾਥੀਆਂ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟ ਕਰਦੇ ਹਾਂ।” ਨਾਰਵੇ ਦੀ ਫੌਜ ਅਨੁਸਾਰ, ਜੋ ਜਹਾਜ਼ ਕਰੈਸ਼ ਹੋਇਆ, ਉਹ ਯੂ.ਐੱਸ. ਨੇਵੀ ਵੀ-22ਬੀ ਓਸਪ੍ਰੇ ਏਅਰਕ੍ਰਾਫਟ ਸੀ। ਨਾਰਵੇ ਦੀ ਫੌਜ ਵੱਲੋਂ ਜਾਰੀ ਬਿਆਨ ਮੁਤਾਬਕ ਜਹਾਜ਼ 'ਚ ਚਾਲਕ ਦਲ ਦੇ ਕੁੱਲ 4 ਮੈਂਬਰ ਸਵਾਰ ਸਨ ਅਤੇ ਇਹ ਨੌਰਡਲੈਂਡ ਕਾਊਂਟੀ 'ਚ ਇਕ ਟਰੇਨਿੰਗ ਆਪਰੇਸ਼ਨ 'ਚ ਹਿੱਸਾ ਲੈ ਰਿਹਾ ਸੀ।

ਨਾਰਵੇ ਨੇ ਕਿਹਾ ਕਿ ਜਹਾਜ਼ 'ਕੋਲਡ ਰਿਸਪਾਂਸ' ਫ਼ੌਜੀ ਅਭਿਆਸ 'ਚ ਹਿੱਸਾ ਲੈ ਰਿਹਾ ਸੀ। ਇਸ ਅਭਿਆਸ ਦੇ ਤਹਿਤ ਨਾਟੋ ਦੇ ਮੈਂਬਰ ਦੇਸ਼ਾਂ ਦੇ ਫ਼ੌਜੀ ਭਿਆਨਕ ਠੰਡ ਦੇ ਵਿਚਕਾਰ ਨਾਰਵੇ ਦੀ ਫ਼ੌਜ ਨਾਲ "ਸਿਖ਼ਲਾਈ ਅਤੇ ਸੰਚਾਲਨ" ਕਰ ਰਹੇ ਸਨ। ਨਾਰਵੇ ਅਨੁਸਾਰ ਇਸ ਅਭਿਆਸ ਦਾ ਯੂਕ੍ਰੇਨ ਯੁੱਧ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਇਸ ਦੀ ਯੋਜਨਾ ਬਹੁਤ ਪਹਿਲਾਂ ਕੀਤੀ ਗਈ ਸੀ।


author

cherry

Content Editor

Related News