ਅਮਰੀਕੀ ਫੌਜ ਨੇ ਛੱਡਿਆ ਅਲ-ਅਸਦ ਏਅਰਬੇਸ, ਇਰਾਕੀ ਫੌਜ ਨੇ ਕੀਤਾ ਕਬਜ਼ਾ
Monday, Jan 19, 2026 - 01:01 PM (IST)
ਤਹਿਰਾਨ (ਏਜੰਸੀਆਂ)- ਇਰਾਕ ਦਾ ਐਨ ਅਲ-ਅਸਦ ਏਅਰਬੇਸ ਅਮਰੀਕੀ ਫੌਜ ਦਾ ਆਪ੍ਰੇਸ਼ਨ ਇਰਾਕੀ ਫ੍ਰੀਡਮ ਦੌਰਾਨ ਦੂਜਾ ਸਭ ਤੋਂ ਵੱਡਾ ਫੌਜੀ ਹਵਾਈ ਅੱਡਾ ਸੀ। ਜਨਵਰੀ 2010 ਤੋਂ 2026 ਤੱਕ ਅਮਰੀਕੀ ਫੌਜ ਦੀਆਂ ਕਈ ਟੁਕੜੀਆਂ ਇੱਥੇ ਤਾਇਨਾਤ ਰਹੀਆਂ। 2024 ਵਿਚ ਇਰਾਕ ਅਤੇ ਅਮਰੀਕਾ ਵਿਚਾਲੇ ਹੋਏ ਇਕ ਸਮਝੌਤੇ ਤਹਿਤ ਹੁਣ ਅਮਰੀਕੀ ਫੌਜ ਨੇ ਇਸ ਬੇਸ ਤੋਂ ਆਪਣੇ ਫੌਜੀਆਂ ਨੂੰ ਕੱਢ ਲਿਆ ਹੈ। ਅਮਰੀਕੀ ਫੌਜੀਆਂ ਨੇ ਇਰਾਕ ਦੇ ਐਨ ਅਲ-ਅਸਦ ਏਅਰਬੇਸ ਤੋਂ ਆਪਣੀ ਵਾਪਸੀ ਪੂਰੀ ਕਰ ਲਈ ਹੈ। ਇਰਾਕ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਪੱਛਮੀ ਇਰਾਕ ਵਿਚ ਸਥਿਤ ਇਹ ਏਅਰਬੇਸ ਹੁਣ ਪੂਰੀ ਤਰ੍ਹਾਂ ਇਰਾਕੀ ਫੌਜ ਦੇ ਕੰਟਰੋਲ ’ਚ ਹੈ।
ਇਹ ਵਾਸ਼ਿੰਗਟਨ ਅਤੇ ਬਗਦਾਦ ਵਿਚਾਲੇ 2024 ’ਚ ਹੋਏ ਸਮਝੌਤੇ ਤਹਿਤ ਹੋ ਰਿਹਾ ਹੈ। ਇਸ ਸਮਝੌਤੇ ਵਿਚ ਇਹ ਤੈਅ ਕੀਤਾ ਗਿਆ ਸੀ ਕਿ ਅਮਰੀਕਾ ਦੀ ਅਗਵਾਈ ਵਾਲੇ ਫੌਜੀ ਆਪ੍ਰੇਸ਼ਨਾਂ ਨੂੰ ਬੰਦ ਕੀਤਾ ਜਾਵੇਗਾ। ਇਰਾਕੀ ਫੌਜ ਦੇ ਇਕ ਕਰਨਲ ਨੇ ਏਅਰਬੇਸ ਤੋਂ ਅਮਰੀਕੀ ਫੌਜੀਆਂ ਦੀ ਵਾਪਸੀ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਕੁਝ ਲਾਜਿਸਟਿਕ (ਰਸਦ ਸਬੰਧੀ) ਕਾਰਨਾਂ ਕਰ ਕੇ ਅਜੇ ਵੀ ਕੁਝ ਫੌਜੀ ਉੱਥੇ ਮੌਜੂਦ ਹਨ। ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੇ ਇਸ ਤੋਂ ਵੱਧ ਜਾਣਕਾਰੀ ਦੇਣ ਤੋਂ ਮਨ੍ਹਾ ਕਰ ਦਿੱਤਾ, ਹਾਲਾਂਕਿ, ਅਮਰੀਕੀ ਫੌਜੀਆਂ ਦੀ ਵਾਪਸੀ ਕਦੋਂ ਸ਼ੁਰੂ ਹੋਈ, ਇਸ ਬਾਰੇ ਜਾਣਕਾਰੀ ਸਪੱਸ਼ਟ ਨਹੀਂ ਹੋ ਸਕੀ।
