ਅਮਰੀਕਾ 8 ਤੋਂ ਹਟਾਏਗਾ ਸਾਰੀਆਂ ਯਾਤਰਾ ਪਾਬੰਦੀਆਂ, ਭਾਰਤੀਆਂ ਨੂੰ ਇਨ੍ਹਾਂ ਸ਼ਰਤਾਂ ਤਹਿਤ ਮਿਲੇਗੀ ਐਂਟਰੀ
Saturday, Nov 06, 2021 - 09:39 AM (IST)
ਵਾਸ਼ਿੰਗਟਨ/ਨਵੀਂ ਦਿੱਲੀ (ਭਾਸ਼ਾ)- ਅਮਰੀਕਾ 8 ਨਵੰਬਰ ਤੋਂ ਭਾਰਤ ਸਮੇਤ ਪੂਰੀ ਤਰ੍ਹਾਂ ਟੀਕਾਕਰਣ ਕਰਾ ਚੁੱਕੇ ਅੰਤਰਰਾਸ਼ਟਰੀ ਯਾਤਰੀਆਂ ਲਈ ਸਾਰੀਆਂ ਪਾਬੰਦੀਆਂ ਹਟਾ ਲਵੇਗਾ ਪਰ ਉਨ੍ਹਾਂ ਨੂੰ ਫਲਾਈਟ ’ਚ ਸਵਾਰ ਹੋਣ ਤੋਂ ਪਹਿਲਾਂ ਕੋਰੋਨਾ ਦੀ ਨੈਗੇਟਿਵ ਰਿਪੋਰਟ ਵਿਖਾਉਣੀ ਹੋਵੇਗੀ। ਇਕ ਆਧਿਕਾਰਕ ਬਿਆਨ ’ਚ ਕਿਹਾ ਗਿਆ ਕਿ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਲਈ ਬਿਨਾਂ ਟੀਕਾਕਰਣ ਵਾਲੇ ਯਾਤਰੀਆਂ, ਭਾਵੇਂ ਅਮਰੀਕੀ ਨਾਗਰਿਕ ਹੋਣ, ਕਾਨੂੰਨੀ ਸਥਾਈ ਨਿਵਾਸੀ (ਏ. ਪੀ. ਆਰ. ਐੱਸ.) ਜਾਂ ਘੱਟ ਗਿਣਤੀ ’ਚ ਮਨਜੂਰ ਗੈਰ-ਟੀਕਾਕ੍ਰਿਤ ਵਿਦੇਸ਼ੀ ਨਾਗਰਿਕਾਂ ਨੂੰ ਹੁਣ ਯਾਤਰਾ ਦੇ ਇਕ ਦਿਨ ਦੇ ਅੰਦਰ ਜਾਂਚ ਕਰਾਉਣ ਦੀ ਜ਼ਰੂਰਤ ਹੋਵੇਗੀ। ਪੂਰੀ ਤਰ੍ਹਾਂ ਟੀਕਾ ਲਗਵਾਉਣ ਵਾਲੇ ਯਾਤਰੀਆਂ ਨੂੰ ਜਹਾਜ਼ ’ਚ ਸਵਾਰ ਹੋਣ ਤੋਂ ਪਹਿਲਾਂ ਅਮਰੀਕਾ ਦੀ ਯਾਤਰਾ ਦੇ 3 ਦਿਨਾਂ ਦੇ ਅੰਦਰ ਯਾਤਰਾ ਕਰਨ ਤੋਂ ਪਹਿਲਾਂ ਕੋਰੋਨਾ ਦੀ ਨੈਗੇਟਿਵ ਜਾਂਚ ਰਿਪੋਰਟ ਵਿਖਾਉਣ ਦੀ ਲੋੜ ਹੋਵੇਗੀ।
ਇਹ ਵੀ ਪੜ੍ਹੋ : ਸ਼੍ਰੀਨਗਰ-ਸ਼ਾਰਜਾਹ ਉਡਾਣ ਤੋਂ ਪਾਕਿਸਤਾਨ ਤੰਗ, ਆਪਣੇ ਹਵਾਈ ਖੇਤਰ ਦੀ ਵਰਤੋਂ ਕਰਨ ’ਤੇ ਲਗਾਈ ਰੋਕ
ਇਸ ਵਿਚ ਅੱਗੇ ਕਿਹਾ ਗਿਆ ਹੈ ਕਿ ਬਾਲਗਾਂ ਦੇ ਨਾਲ ਯਾਤਰਾ ਕਰਨ ਵਾਲੇ ਬਿਨਾਂ ਟੀਕਾਕਰਨ ਵਾਲੇ ਨਾਬਾਲਗਾਂ ਨੂੰ ਉਸੇ ਸਮੇਂ ਟੈਸਟ ਕਰਾਉਨ ਦੀ ਜ਼ਰੂਰਤ ਹੋਵੇਗੀ। ਬਿਆਨ ਅਨੁਸਾਰ ਯਾਤਰੀਆਂ ਨੂੰ ਆਪਣੀ ਟੀਕਾਕਰਨ ਦੀ ਸਥਿਤੀ ਦਿਖਾਉਣ ਦੀ ਜ਼ਰੂਰਤ ਹੋਵੇਗੀ ਅਤੇ ਏਅਰਲਾਈਨਾਂ ਨੂੰ ਇਹ ਪੁਸ਼ਟੀ ਕਰਨ ਲਈ ਨਾਮ ਅਤੇ ਜਨਮ ਮਿਤੀ ਦਾ ਮਿਲਾਨ ਕਰਨਾ ਹੋਵੇਗਾ ਕਿ ਯਾਤਰੀ ਉਹੀ ਵਿਅਕਤੀ ਹੈ ਜਿਸ ਨੇ ਟੀਕਾਕਰਨ ਦਾ ਸਬੂਤ ਦਿੱਤਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਏਅਰਲਾਈਨਾਂ ਨੂੰ ਉਨ੍ਹਾਂ ਯਾਤਰੀਆਂ ਨੂੰ ਬੋਰਡਿੰਗ ਤੋਂ ਇਨਕਾਰ ਕਰਨਾ ਚਾਹੀਦਾ ਹੈ ਜੋ ਇਹਨਾਂ ਲੋੜਾਂ ਨੂੰ ਪੂਰਾ ਨਹੀਂ ਕਰਦੇ ਹਨ ਜਾਂ ਜਿਨ੍ਹਾਂ ਦੀ ਕੋਵਿਡ-19 ਲਈ ਟੈਸਟ ਰਿਪੋਰਟ ਸਕਾਰਾਤਮਕ ਹੈ। ਅਮਰੀਕੀ ਯਾਤਰਾ ਉਦਯੋਗ ਨਾਲ ਜੁੜੇ ਲੋਕ ਰਾਸ਼ਟਰਪਤੀ ਜੋਅ ਬਾਈਡੇਨ ਨੂੰ ਪਾਬੰਦੀ ਹਟਾਉਣ ਲਈ ਕਹਿ ਰਹੇ ਹਨ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।