ਅਮਰੀਕੀ ਸੰਸਦ ''ਚ ਚੀਨ ਨੂੰ ਭਾਰਤ ਨਾਲ ਤਣਾਅ ਘੱਟ ਕਰਨ ਦੀ ਅਪੀਲ ਸਬੰਧੀ ਪ੍ਰਸਤਾਵ ਕੀਤਾ ਪੇਸ਼
Monday, Jul 20, 2020 - 05:34 PM (IST)
ਵਾਸ਼ਿੰਗਟਨ (ਭਾਸ਼ਾ): ਅਮਰੀਕਾ ਵਿਚ 9 ਪ੍ਰਭਾਵਸ਼ਾਲੀ ਸੰਸਦ ਮੈਂਬਰਾਂ ਨੇ ਭਾਰਤ ਦੇ ਖਿਲਾਫ ਚੀਨ ਦੀ ਹਾਲੀਆ ਫੌਜੀ ਹਮਲਾਵਰਤਾ 'ਤੇ ਚਿੰਤਾ ਵਿਅਕਤ ਕਰਦੇ ਹੋਏ ਪ੍ਰਤੀਨਿਧੀ ਸਭਾ ਵਿਚ ਇਕ ਪ੍ਰਸਤਾਵ ਪਾਸ ਕੀਤਾ ਹੈ, ਜਿਸ ਵਿਚ ਚੀਨ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਜ਼ੋਰ ਦੀ ਬਜਾਏ ਮੌਜੂਦਾ ਡਿਪਲੋਮੈਟਿਕ ਤੰਤਰ ਰਾਹੀਂ ਸਰਹੱਦ 'ਤੇ ਤਣਾਅ ਨੂੰ ਘੱਟ ਕਰਨ ਦੇ ਲਈ ਕੰਮ ਕਰੇ।
ਭਾਰਤੀ-ਅਮਰੀਕੀ ਸੰਸਦ ਮੈਂਬਰ ਰਾਜਾ ਕ੍ਰਿਸ਼ਣਮੂਰਤੀ ਦੀ ਅਗਵਾਈ ਵਿਚ ਭਾਰਤੀ ਅਮਰੀਕੀ ਸੰਸਦ ਮੈਂਬਰ ਰੋ ਖੰਨਾ, ਫ੍ਰੈਂਕ ਪੈਲੋਨੋ, ਟੋਸੁਓਜੀ, ਟੈੱਡ ਯੋਹੋ, ਜਾਰਜ ਹੋਲਡਿੰਗ, ਸ਼ੀਲਾ ਜੈਕਸਨ-ਲੀ ਸਟੀਵਨਸ ਤੇ ਸਟੀਵ ਚਾਬੋਟ ਨੇ ਪ੍ਰਸਤਾਵ ਦਿੱਤਾ। ਪ੍ਰਸਤਾਵ ਵਿਚ ਕਿਹਾ ਗਿਆ ਹੈ ਕਿ ਅਸਲ ਕੰਟਰੋਲ ਲਾਈਨ ਦੇ ਕੋਲ 15 ਜੂਨ ਤੱਕ ਕਈ ਮਹੀਨੇ ਪਹਿਲਾਂ ਤੋਂ ਚੀਨੀ ਬਲਾਂ ਨੇ ਕਥਿਤ ਰੂਪ ਨਾਲ 5000 ਜਵਾਨਾਂ ਨੂੰ ਇਕੱਠਾ ਕੀਤਾ ਤੇ ਉਹ ਜ਼ੋਰ ਜ਼ਬਰਦਸਤੀ ਤੇ ਹਮਲਾਵਰਤਾ ਦੇ ਰਾਹੀਂ ਉਨ੍ਹਾਂ ਸਰਹੱਦਾਂ ਨੂੰ ਬਦਲਣ ਦੀ ਕੋਸ਼ਿਸ਼ ਕਰ ਰਿਹਾ ਹੈ ਜੋ ਬਹੁਤ ਸਮਾਂ ਪਹਿਲਾਂ ਤੈਅ ਕੀਤੀਆਂ ਗਈਆਂ ਹਨ। ਪ੍ਰਸਤਾਵ ਵਿਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਭਾਰਤ ਤੇ ਚੀਨ ਦੇ ਵਿਚਾਲੇ ਅਸਲ ਕੰਟਰੋਲ ਲਾਈਨ ਦੇ ਕੋਲ ਤਣਾਅ ਘੱਟ ਕਰਨ ਤੇ ਬਲਾਂ ਦੇ ਪਿੱਛੇ ਹਟਣ ਨੂੰ ਲੈ ਕੇ ਸਹਿਮਤੀ ਬਣ ਗਈ ਹੈ। ਇਸ ਵਿਚ ਕਿਹਾ ਗਿਆ ਹੈ ਕਿ ਪੂਰਬੀ ਲੱਦਾਖ ਵਿਚ ਕਈ ਹਫਤਿਆਂ ਤੱਕ ਚੱਲੇ ਵਿਰੋਧ ਤੋਂ ਬਾਅਦ 15 ਜੂਨ ਨੂੰ ਹੋਏ ਟਕਰਾਅ ਵਿਚ ਘੱਟ ਤੋਂ ਘੱਟ 20 ਭਾਰਤੀ ਫੌਜੀਆਂ ਦੀ ਜਾਨ ਚਲੀ ਗਈ ਤੇ ਕਈ ਚੀਨੀ ਫੌਜੀ ਵੀ ਮਾਰੇ ਗਏ।
ਪ੍ਰਸਤਾਵ ਵਿਚ ਕਿਹਾ ਗਿਆ ਹੈ ਕਿ ਚੀਨ ਸਰਕਾਰ ਨੂੰ ਭਾਰਤ ਦੇ ਨਾਲ ਲੱਗਦੀ ਅਸਲ ਕੰਟਰੋਲ ਲਾਈਨ 'ਤੇ ਤਣਾਅ ਘੱਟ ਕਰਨ ਦੀ ਦਿਸ਼ਾ ਵਿਚ ਬਲ ਦੀ ਵਰਤੋਂ ਦੀ ਬਜਾਏ ਮੌਜੂਦਾ ਡਿਪਲੋਮੈਟਿਕ ਤੰਤਰਾਂ ਦੇ ਰਾਹੀਂ ਕੰਮ ਕਰਨਾ ਚਾਹੀਦਾ ਹੈ। ਇਸ ਤੋਂ ਕੁਝ ਹੀ ਦਿਨ ਪਹਿਲਾਂ ਅਮਰੀਕਾ ਦੇ ਇਕ ਹੋਰ ਪ੍ਰਭਾਵਸ਼ਾਲੀ ਸੰਸਦੀ ਸਮੂਹ ਨੇ ਕਿਹਾ ਸੀ ਕਿ ਚੀਨ ਸਰਹੱਦ 'ਤੇ ਮੌਜੂਦਾ ਹਾਲਾਤ ਨੂੰ ਬਦਲਣ ਤੇ ਭਾਰਤੀ ਫੌਜ ਨੂੰ ਚੁਣੌਤੀ ਦੇਣ ਦੇ ਲਈ ਉਸ ਦੇ ਨਾਲ ਕੀਤੇ ਸਮਝੌਤੇ ਦੇ ਉਲਟ ਕੰਮ ਕਰ ਰਿਹਾ ਹੈ ਤੇ ਉਸ ਨੇ ਉਮੀਦ ਜਤਾਈ ਸੀ ਕਿ ਬੀਜਿੰਗ ਅਸਲ ਕੰਟਰੋਲ ਲਾਈਨ 'ਤੇ ਵਧੇਰੇ ਹਥਿਆਰਾਂ ਤੇ ਬੁਨਿਆਦੀ ਢਾਂਚੇ ਨੂੰ ਘੱਟ ਕਰੇਗਾ। ਭਾਰਤ ਤੇ ਭਾਰਤੀ ਅਮਰੀਕੀਆਂ 'ਤੇ ਸੰਸਦੀ ਸਮੂਹ ਨੇ ਗਲਵਾਨ ਘਾਟੀ ਵਿਚ ਭਾਰਤੀ ਜਵਾਨਾਂ ਦੇ ਸ਼ਹੀਦ ਹੋਣ ਦੀ ਘਟਨਾ 'ਤੇ ਦੁੱਖ ਵਿਅਕਤ ਕੀਤਾ ਸੀ। ਭਾਰਤ ਤੇ ਚੀਨ ਦੀ ਫੌਜ ਦੇ ਵਿਚਾਲੇ ਪੈਂਗੋਂਗ ਸੋ, ਗਲਵਾਨ ਘਾਟੀ ਤੇ ਗੋਗਰਾ ਹਾਟ ਸਪਰਿੰਗ ਸਣੇ ਪੂਰਬੀ ਲੱਦਾਖ ਦੇ ਕਈ ਇਲਾਕਿਆਂ ਵਿਚ ਵਿਰੋਧ ਚੱਲ ਰਿਹਾ ਹੈ। ਪਿਛਲੇ ਮਹੀਨੇ ਗਲਵਾਨ ਘਾਟੀ ਵਿਚ ਝੜਪਾਂ ਵਿਚ 20 ਭਾਰਤੀ ਜਵਾਨਾਂ ਦੇ ਸ਼ਹੀਦ ਹੋਣ ਤੋਂ ਬਾਅਦ ਹਾਲਾਤ ਵਿਗੜ ਗਏ ਸਨ।