ਈਰਾਨ ਦੇ ਮਿਜ਼ਾਇਲ ਪ੍ਰੋਗਰਾਮ ਨੂੰ ਝਟਕਾ, ਅਮਰੀਕਾ ਨੇ ਲਾਈ ਇਹ ਪਾਬੰਦੀ
Friday, Jul 31, 2020 - 10:29 AM (IST)
ਵਾਸ਼ਿੰਗਟਨ- ਈਰਾਨ ਦੇ ਮਿਜ਼ਾਇਲ ਪ੍ਰੋਗਰਾਮ ਨੂੰ ਝਟਕਾ ਲੱਗ ਸਕਦਾ ਹੈ ਕਿਉਂਕਿ ਅਮਰੀਕਾ ਨੇ ਇਸ ਦੇ ਨਿਰਮਾਣ ਵਿਚ ਵਰਤੀਆਂ ਜਾਣ ਵਾਲੀਆਂ 22 ਤਰ੍ਹਾਂ ਦੀਆਂ ਮੁੱਖ ਧਾਤਾਂ ਅਤੇ ਸਮੱਗਰੀ 'ਤੇ ਪਾਬੰਦੀ ਲਾ ਦਿੱਤੀ ਹੈ।
ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਵੀਰਵਾਰ ਨੂੰ ਜਾਰੀ ਇਕ ਬਿਆਨ ਵਿਚ ਕਿਹਾ, "ਅੱਜ ਵਿਦੇਸ਼ ਵਿਭਾਗ ਨੇ ਈਰਾਨ ਦੇ ਪ੍ਰਮਾਣੂ, ਫੌਜੀ ਅਤੇ ਬੈਲਿਸਟਿਕ ਮਿਜ਼ਾਇਲ ਪ੍ਰੋਗਰਾਮਾਂ ਦੇ ਸਬੰਧ ਵਿਚ ਇਸਤੇਮਾਲ ਕੀਤੇ ਜਾਣ ਵਾਲੀਆਂ 22 ਮੁੱਖ ਸਮੱਗਰੀਆਂ ਦੀ ਪਛਾਣ ਕੀਤੀ ਹੈ। ਜੋ ਲੋਕ ਜਾਣ ਬੁੱਝ ਕੇ ਈਰਾਨ ਨੂੰ ਅਜਿਹੀ ਸਮੱਗਰੀ ਭੇਜਦੇ ਹਨ, ਉਹ ਹੁਣ ਈਰਾਨ ਸੁਤੰਰਤਾ ਅਤੇ ਪ੍ਰਸਾਰ ਰੋਕੂ ਐਕਟ 1245 ਦੇ ਦਾਇਰੇ ਵਿਚ ਆਉਣਗੇ।"
ਗੌਰਤਲਬ ਹੈ ਕਿ ਈਰਾਨ ਪਹਿਲਾਂ ਹੀ ਅਮਰੀਕੀ ਪਾਬੰਦੀਆਂ ਕਾਰਨ ਆਰਥਿਕ ਮੋਰਚੇ 'ਤੇ ਵੱਡਾ ਨੁਕਸਾਨ ਝੱਲ ਰਿਹਾ ਹੈ। ਉੱਥੇ ਹੀ, ਰਹਿੰਦੀ-ਖੂੰਹਦੀ ਕਸਰ ਕੋਰੋਨਾ ਵਾਇਰਸ ਨੇ ਕੱਢ ਦਿੱਤੀ ਹੈ। ਇਸ ਤੋਂ ਇਲਾਵਾ ਪੋਂਪੀਓ ਨੇ ਕਿਹਾ ਕਿ ਈਰਾਨ ਦੇ ਨਿਰਮਾਣ ਉਦਯੋਗਾਂ ਲਈ ਸਮੱਗਰੀ ਦੀ ਸਪਲਾਈ ਬੰਦ ਰਹੇਗੀ ਕਿਉਂਕਿ ਉਹ ਮੰਨਦੇ ਹਨ ਕਿ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (ਆਈ. ਆਰ. ਜੀ. ਸੀ.) ਦੇਸ਼ ਦੇ ਨਿਰਮਾਣ ਖੇਤਰ ਨੂੰ ਕੰਟਰੋਲ ਕਰਦੀ ਹੈ।