ਅਮਰੀਕੀ ਸਰਕਾਰ ਦੇ ਵਿਸ਼ੇਸ਼ ਹੈਕਰ ’ਤੇ ਗੁਪਤ ਸੂਚਨਾ ਚੋਰੀ ਕਰਨ ਦਾ ਇਲਜ਼ਾਮ

12/02/2017 4:16:09 PM

ਵਾਸ਼ਿੰਗਟਨ (ਏ.ਐਫ.ਪੀ.)- ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਏਜੰਸੀ (ਐਨ.ਐਸ.ਏ.) ਦੀ ਵਿਸ਼ੇਸ਼ ਹੈਕਿੰਗ ਟੀਮ ਦੇ ਇੱਕ ਮੈਂਬਰ ’ਤੇ ਚੋਟੀ ਦੀ ਗੁਪਤ ਸਮੱਗਰੀ ਗ਼ੈਰਕਾਨੂੰਨੀ ਤੌਰ ’ਤੇ ਹਟਾਉਣ ਦਾ ਇਲਜ਼ਾਮ ਲਗਾਇਆ ਗਿਆ ਹੈ, ਜੋ ਇਸ ਅਹਿਮ ਇਲੈਕਟ੍ਰਾਨਿਕ ਜਾਸੂਸੀ ਸੰਸਥਾ ਲਈ ਸ਼ਰਮ ਦੀ ਗੱਲ ਹੈ।  ਨਿਆ ਵਿਭਾਗ ਨੇ ਸ਼ਨੀਵਾਰ ਨੂੰ ਕਿਹਾ ਕਿ ਕੰਪਿਊਟਰਸ ਨੂੰ ਭੇਦਣ ਵਾਲੀ ਐਨ.ਐਸ.ਏ. ਦੀ ਟੇਲਰਡ ਐਕਸੈਸ ਆਪਰੇਸ਼ਨਜ਼ ਯੂਨਿਟ ’ਚ 10 ਸਾਲ ਦਾ ਤਜ਼ਰਬਾ ਰੱਖਣ ਵਾਲੇ ਨਘਿਆ ਹੋਆਂਗ ਫੂ (67) ਨੇ ਏਜੰਸੀ ਤੋਂ ਚੋਟੀ ਗੁਪਤ ਦਸਤਾਵੇਜਾਂ ਨੂੰ ਹਟਾਉਣ ਦਾ ਦੋਸ਼ ਸਵੀਕਾਰ ਕਰ ਲਿਆ।ਉਨ੍ਹਾਂ ਨੇ ਇਸ ਗੁਪਤ ਸਮੱਗਰੀ ਨੂੰ ਮੈਰੀਲੈਂਡ ਸਥਿਤ ਆਪਣੇ ਘਰ ਵਿੱਚ ਰੱਖਿਆ। ‘ਦ ਨਿਊਯਾਰਕ ਟਾਈਮਸ ਦੀ ਖਬਰ ਦੇ ਮੁਤਾਬਕ ਰੂਸ ਦੇ ਹੈਕਰਾਂ ਨੇ ਵੀਅਤਨਾਮ ’ਚ ਜੰਮੇ ਫੂ ਦੇ ਕੰਪਿਊਟਰ ਉੱਤੇ ਪਾੜ ਲਗਾਕੇ ਉਨ੍ਹਾਂ ਫਾਈਲਾਂ ਅਤੇ ਪ੍ਰੋਗਰਾਮ ਨੂੰ ਚੋਰੀ ਕਰ ਲਿਆ ਜਿਸ ਨੂੰ ਐਨ.ਐਸ.ਏ. ਨੇ ਆਪਣੇ ਹੈਕਿੰਗ ਆਪ੍ਰੇਸ਼ਨਜ਼ ਲਈ ਵਿਕਸਿਤ ਕੀਤਾ ਸੀ। ਫੂ ਨੂੰ 10 ਸਾਲ ਦੀ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ। ਹਾਲਾਂਕਿ ਉਹ ਘੱਟ ਸਜ਼ਾ ਲਈ ਅਪੀਲ ਕਰ ਸਕਦਾ ਹੈ। ਪਿਛਲੇ ਦੋ ਸਾਲਾਂ ’ਚ ਉਹ ਐਨ.ਐਸ.ਏ. ਦੇ ਤੀਸਰੇ ਕਰਮਚਾਰੀ ਹਨ, ਜਿਸ ਉੱਤੇ ਚੋਟੀ ਦੀ ਗੁਪਤ ਸੂਚਨਾ ਨੂੰ ਘਰ ਵਿੱਚ ਰੱਖਣ ਦਾ ਇਲਜ਼ਾਮ ਲਗਾਇਆ ਗਿਆ ਹੈ।ਐਨ.ਐਸ.ਏ. ਨੇ ਇਸ ਮਾਮਲੇ ਉੱਤੇ ਸਵਾਲਾਂ ਦਾ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ।


Related News