ਅਮਰੀਕੀ ਬਲਾਂ ਨੇ ਸੋਮਾਲੀਆ 'ਚ ਬਦਨਾਮ ਇਸਲਾਮਿਕ ਸਟੇਟ ਦੇ ਮੈਂਬਰ ਨੂੰ ਕੀਤਾ ਢੇਰ

01/27/2023 12:02:26 PM

ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਦੇ ਵਿਸ਼ੇਸ਼ ਆਪਰੇਸ਼ਨ ਬਲਾਂ ਨੇ ਉੱਤਰੀ ਸੋਮਾਲੀਆ ਵਿੱਚ ਇਸਲਾਮਿਕ ਸਟੇਟ ਸਮੂਹ ਦੇ ਇੱਕ ਬਦਨਾਮ ਮੈਂਬਰ ਅਤੇ 10 ਹੋਰ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੇ ਪ੍ਰਸ਼ਾਸਨ ਨੇ ਇਸ ਦਾ ਐਲਾਨ ਕੀਤਾ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਲੋਇਡ ਆਸਟਿਨ ਨੇ ਇਕ ਬਿਆਨ 'ਚ ਦੱਸਿਆ ਕਿ ਪਹਾੜੀ ਖੇਤਰ 'ਚ ਬੁੱਧਵਾਰ ਦੀ ਕਾਰਵਾਈ 'ਚ ਬਿਲਾਲ ਅਲ-ਸੁਦਾਨੀ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਜੋ ਗਲੋਬਲ ਅੱਤਵਾਦੀ ਸੰਗਠਨ ਨੂੰ ਵਿੱਤੀ ਸਹਾਇਤਾ ਮੁਹੱਈਆ ਕਰਾਉਂਦਾ ਸੀ। ਬਿਆਨ ਦੇ ਅਨੁਸਾਰ ਇਹ ਕਾਰਵਾਈ ਅਮਰੀਕਾ ਅਤੇ ਇਸਦੇ ਭਾਈਵਾਲਾਂ ਨੂੰ ਸੁਰੱਖਿਅਤ ਬਣਾਉਂਦੀ ਹੈ ਅਤੇ ਅਮਰੀਕੀਆਂ ਨੂੰ ਦੇਸ਼ ਅਤੇ ਵਿਦੇਸ਼ ਵਿੱਚ ਅੱਤਵਾਦ ਦੇ ਖਤਰੇ ਤੋਂ ਬਚਾਉਣ ਲਈ ਸਾਡੀ ਅਟੁੱਟ ਵਚਨਬੱਧਤਾ ਨੂੰ ਦਰਸਾਉਂਦੀ ਹੈ।" 

ਰਾਸ਼ਟਰਪਤੀ ਬਾਈਡੇਨ ਨੂੰ ਪਿਛਲੇ ਹਫ਼ਤੇ ਪ੍ਰਸਤਾਵਿਤ ਮੁਹਿੰਮ ਬਾਰੇ ਜਾਣਕਾਰੀ ਦਿੱਤੀ ਗਈ ਸੀ, ਜਿਸਦੀ ਤਿਆਰੀ ਕਈ ਮਹੀਨਿਆਂ ਤੋਂ ਚੱਲ ਰਹੀ ਸੀ। ਬਾਈਡੇਨ ਪ੍ਰਸ਼ਾਸਨ ਦੇ ਦੋ ਅਧਿਕਾਰੀਆਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਬਾਈਡੇਨ ਨੇ ਆਸਟਿਨ ਅਤੇ ਚੇਅਰਮੈਨ ਆਫ਼ ਜੁਆਇੰਟ ਚੀਫ਼ ਆਫ਼ ਸਟਾਫ਼ ਜਨਰਲ ਮਾਰਕ ਮਿਲੀ ਦੀ ਸਿਫ਼ਾਰਸ਼ ਤੋਂ ਬਾਅਦ ਇਸ ਹਫ਼ਤੇ ਮੁਹਿੰਮ ਨੂੰ ਅੰਜ਼ਾਮ ਦੇਣ ਦੀ ਅੰਤਿਮ ਪ੍ਰਵਾਨਗੀ ਦਿੱਤੀ। ਆਸਟਿਨ ਨੇ ਦੱਸਿਆ ਕਿ ਅਲ-ਸੁਦਾਨੀ ਕਈ ਸਾਲਾਂ ਤੋਂ ਅਮਰੀਕੀ ਖੁਫੀਆ ਅਧਿਕਾਰੀਆਂ ਦੇ ਰਾਡਾਰ 'ਤੇ ਸੀ। ਉਸ ਨੇ ਅਫ਼ਰੀਕਾ ਵਿੱਚ ਆਈਐਸ ਦੀਆਂ ਕਾਰਵਾਈਆਂ ਦੇ ਨਾਲ-ਨਾਲ ਅਫਗਾਨਿਸਤਾਨ ਵਿੱਚ ਇਸਦੇ ਅੱਤਵਾਦੀ ਵਿੰਗ ਆਈਐਸਆਈਐਸ-ਕੇ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। 

ਪੜ੍ਹੋ ਇਹ ਅਹਿਮ ਖ਼ਬਰ- ਮੈਕਸੀਕੋ ਤੋਂ ਵੱਡੀ ਖ਼ਬਰ, ਅਮਰੀਕੀ ਸਰਹੱਦ ਨੇੜਿਓਂ ਟਰੱਕ 'ਚੋਂ ਮਿਲੇ 57 ਮੁੰਡੇ-ਕੁੜੀਆਂ 

ਅਮਰੀਕੀ ਖਜ਼ਾਨਾ ਵਿਭਾਗ ਨੇ ਪਿਛਲੇ ਸਾਲ ਦੋਸ਼ ਲਾਇਆ ਸੀ ਕਿ ਅਲ-ਸੁਦਾਨੀ ਨੇ ਆਈਐਸ ਦੇ ਇੱਕ ਹੋਰ ਮੈਂਬਰ ਅਬਦੇਲ ਹੁਸੈਨ ਅਬਦੀਗਾ ਨਾਲ ਵੀ ਕੰਮ ਕੀਤਾ ਸੀ। ਅਬਦੁੱਲਾ ਹੁਸੈਨ ਅਬਦੀਗਾ ਨੇ ਦੱਖਣੀ ਅਫ਼ਰੀਕਾ ਵਿੱਚ ਨੌਜਵਾਨਾਂ ਨੂੰ ਸੰਗਠਨ ਵਿੱਚ ਸ਼ਾਮਲ ਹੋਣ ਲਈ ਸੰਗਠਿਤ ਕੀਤਾ ਅਤੇ ਉਨ੍ਹਾਂ ਨੂੰ ਹਥਿਆਰਾਂ ਦੇ ਸਿਖਲਾਈ ਕੈਂਪਾਂ ਵਿੱਚ ਭੇਜਿਆ। ਪੈਂਟਾਗਨ ਦੇ ਅਧਿਕਾਰੀਆਂ ਨੇ ਕਿਹਾ ਕਿ ਇਸ ਆਪਰੇਸ਼ਨ ਵਿੱਚ ਕੋਈ ਵੀ ਨਾਗਰਿਕ ਜਾਨੀ ਨੁਕਸਾਨ ਨਹੀਂ ਹੋਇਆ ਹੈ। ਪ੍ਰਸ਼ਾਸਨ ਦੇ ਇਕ ਅਧਿਕਾਰੀ ਮੁਤਾਬਕ ਆਪਰੇਸ਼ਨ 'ਚ ਸ਼ਾਮਲ ਇਕ ਅਮਰੀਕੀ ਨੂੰ ਫ਼ੌਜੀ ਕੁੱਤੇ ਨੇ ਵੱਢ ਲਿਆ ਪਰ ਡਰਨ ਦੀ ਕੋਈ ਗੱਲ ਨਹੀਂ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


Vandana

Content Editor

Related News