ਅਮਰੀਕੀ ਏਅਰ ਪੋਰਟਾਂ ''ਤੇ ਲੱਗੀਆਂ ਲੋਕਾਂ ਦੀਆਂ ਲੰਬੀਆਂ ਲਾਈਨਾਂ, ਮੁਸਾਫਰ ਹੋਏ ਖੱਜ਼ਲ-ਖੁਆਰ

01/03/2017 1:10:49 PM

ਵਾਸ਼ਿੰਗਟਨ— ਅਮਰੀਕਾ ਵਿਚ ਕਸਟਮ ਸੇਵਾ ਦੀ ਕੰਪਿਊਟਰ ਪ੍ਰਣਾਲੀ ਵਿਚ ਖਰਾਬੀ ਆਉਣ ਕਰਕੇ ਹਜ਼ਾਰਾਂ ਯਾਤਰੀ ਦੇਸ਼ ਵਿਚ ਅਧਿਕਾਰਤ ਤੌਰ ''ਤੇ ਦਾਖਲ ਹੋਣ ਦੀ ਮਨਜ਼ੂਰੀ ਮਿਲਣ ਦਾ ਇੰਤਜ਼ਾਰ ਕਰ ਰਹੇ ਹਨ। ਏਅਰ ਪੋਰਟਾਂ ''ਤੇ ਲੋਕਾਂ ਦੀਆਂ ਲੰਬੀਆਂ-ਲੰਬੀਆਂ ਲਾਈਨਾਂ ਲੱਗੀਆਂ ਹਨ। 
ਅਮਰੀਕਾ ਅਤੇ ਕੈਰੇਬੀਆ ਲਈ ਇਕ ਮੁੱਖ ਕੇਂਦਰ ਫੋਰਟ ਲਾਡਰਡੇਲ ਏਅਰ ਪੋਰਟ ਨੇ ਟਵਿੱਟਰ ''ਤੇ ਦੱਸਿਆ ਕਿ ਕੰਪਿਊਟਰਾਂ ਵਿਚ ਖਰਾਬੀ ਆਉਣ ਕਰਕੇ ਦੇਸ਼ ਭਰ ਵਿਚ ਕਸਟਮ ਅਤੇ ਬਾਰਡਰ ਸੁਰੱਖਿਆ ਦਾ ਕੰਮ-ਕਾਜ ਰੁਕ ਗਿਆ। ਸਿਸਟਮ ਦੇ ਫਿਰ ਤੋਂ ਕੰਮ ਸ਼ੁਰੂ ਕਰਨ ਤੱਕ ਯਾਤਰੀਆਂ ਨੂੰ ਏਅਰ ਪੋਰਟਾਂ ''ਤੇ ਇੰਤਜ਼ਾਰ ਕਰਨਾ ਪਵੇਗਾ। ਕਸਟਮ ਅਤੇ ਬਾਰਡਰ ਸੁਰੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਕਈ ਏਅਰ ਪੋਰਟਾਂ ਦੇ ਕੰਮ-ਕਾਜ ਵਿਚ ਰੁਕਾਵਟ ਪੇਸ਼ ਆ ਰਹੀ ਹੈ ਅਤੇ ਉਹ ਇਸ ਤਕਨੀਕੀ ਖਰਾਬੀ ਨੂੰ ਦੂਰ ਕਰਨ ਲਈ ਲਈ ਤੁਰੰਤ ਕਦਮ ਚੁੱਕ ਰਹੇ ਹਨ। ਕਸਟਮ ਮਨਜ਼ੂਰੀ ਨਾ ਮਿਲਣ ਕਰਕੇ ਅਮਰੀਕਾ ਪਹੁੰਚੇ ਹਜ਼ਾਰਾਂ ਯਾਤਰੀਆਂ ਨੂੰ ਖੱਜ਼ਲ-ਖੁਆਰ ਹੋਣਾ ਪੈ ਰਿਹਾ ਹੈ। ਮਿਆਮੀ ਇੰਟਰਨੈਸ਼ਨਲ ਏਅਰ ਪੋਰਟ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਸ ਕਰਕੇ ਇਸ ਖਰਾਬੀ ਕਾਰਨ 30 ਤੋਂ ਵਧੇਰੇ ਅੰਤਰਰਾਸ਼ਟਰੀ ਜਹਾਜ਼ਾਂ ਦੇ ਯਾਤਰੀ ਪ੍ਰਭਾਵਿਤ ਹੋਏ ਹਨ। ਦੋ ਯਾਤਰੀ ਤਾਂ ਇਨ੍ਹਾਂ ਲਾਈਨਾਂ ਵਿਚ ਲੱਗੇ-ਲੱਗੇ ਬੇਹੋਸ਼ ਤੱਕ ਹੋ ਗਏ। ਮਿਆਮੀ ਇੰਟਰਨੈਸ਼ਨਲ ਨੇ ਟਵੀਟ ਕਰਕੇ ਹੋ ਰਹੀ ਦੇਰੀ ਲਈ ਮੁਆਫੀ ਮੰਗੀ ਹੈ। ਜਿਹੜੇ ਏਅਰ ਪੋਰਟ ਪ੍ਰਭਾਵਿਤ ਹੋਏ ਹਨ, ਉਨ੍ਹਾਂ ਵਿਚ ਮਿਆਮੀ ਇੰਟਰਨੈਸ਼ਨਲ, ਅਟਲਾਂਟਾ ਹਾਰਟਸਫੀਲਡ, ਬੋਸਟਨ ਲੋਗਨ ਅਤੇ ਫੋਰਟ ਲਾਡਰਡੇਲ ਸ਼ਾਮਲ ਹਨ।

Kulvinder Mahi

News Editor

Related News