ਅਮਰੀਕਾ ਨੇ ਚੀਨ ’ਚ ਬਣੀਆਂ ਸਰਿੰਜਾਂ ’ਤੇ ਲਾਈ ਪਾਬੰਦੀ
Friday, May 21, 2021 - 04:45 PM (IST)
ਇੰਟਰਨੈਸ਼ਨਲ ਡੈਸਕ : ਪੂਰੀ ਦੁਨੀਆ ਇਸ ਸਮੇਂ ਕੋਰੋਨਾ ਦੀ ਲਾਗ (ਮਹਾਮਾਰੀ) ਨਾਲ ਜੂਝ ਰਹੀ ਤੇ ਇਸ ਨਾਲ ਲੜਨ ਲਈ ਹਰ ਦੇਸ਼ ਆਪੋ-ਆਪਣੇ ਪੱਧਰ ’ਤੇ ਇਸ ਦੇ ਖਿਲਾਫ ਮੋਰਚੇ ’ਤੇ ਡਟਿਆ ਹੋਇਆ ਹੈ। ਇਸੇ ਦੌਰਾਨ ਅਮਰੀਕਾ ’ਚ ਵੈਕਸੀਨੇਸ਼ਨ ਨੂੰ ਲੈ ਕੇ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ। ਇਸ ਮੁਹਿੰਮ ’ਚ ਅਮਰੀਕਾ ਦੇ ਫੂਡ ਐਂਡ ਡਰੱਗ ਐਡਮਨਿਸਟ੍ਰੇ੍ਸ਼ਨ (ਐੱਫ. ਡੀ. ਏ.) ਨੇ ਟੀਕਾਕਰਨ ਦੇ ਕੰਮ ’ਚ ਚੀਨ ਦੀ ਬਣੀਆਂ ਹੋਈਆਂ ਸਰਿੰਜਾਂ ਦੀ ਵਰਤੋਂ ’ਤੇ ਰੋਕ ਲਾਉਣ ਦਾ ਫੈਸਲਾ ਕੀਤਾ ਹੈ। ਐੱਫ ਡੀ. ਏ. ਨੇ ਸਾਰੇ ਹੈਲਥਕੇਅਰ ਪ੍ਰੋਵਾਈਡਰਜ਼ ਨੂੰ ਕਿਹਾ ਹੈ ਕਿ ਉਹ ਮੈਡੀਕਲ ਡਿਵਾਈਸ ਬਣਾਉਣ ਵਾਲੀ ਚੀਨੀ ਕੰਪਨੀ ਗੁਆਂਗਡੋਂਗ ਹਾਊ ਮੈਡੀਕਲ ਅਪਾਰੇਟਸ ਕੰਪਨੀ (ਐੱਚ. ਏ. ਆਈ. ਓ. ਯੂ.) ਦੇ ਉਤਪਾਦ ਦੀ ਵਰਤੋਂ ਨਾ ਕਰਨ।
ਇਕ ਸਮਾਚਾਰ ਏਜੰਸੀ ਦੇ ਹਵਾਲੇ ਨਾਲ ਮਿਲੀ ਜਾਣਕਾਰੀ ਅਨੁਸਾਰ ਇਸ ਸਰਿੰਜ ਦੀ ਵਰਤੋਂ ਫਾਈਜ਼ਰ ਤੇ ਬਾਇਓਨੇਟ ਦੀ ਵੈਕਸੀਨ ਲਾਉਣ ਲਈ ਕੀਤੀ ਜਾ ਰਹੀ ਸੀ। ਐੱਫ. ਡੀ. ਏ. ਦੇ ਸਾਰੇ ਅਧਿਕਾਰੀਆਂ ਦੇ ਮੁਤਾਬਕ ਪਹਿਲਾਂ ਹੀ ਕਿਸੇ ਵੀ ਮੈਡੀਕਲ ਕਿੱਟਸ ’ਚ ਅਜਿਹੀ ਸਰਿੰਜ ਦੀ ਵਰਤੋਂ ਨੂੰ ਘੱਟ ਕਰ ਦਿੱਤਾ ਗਿਆ ਸੀ। ਅਜਿਹੀ ਹਾਲਤ ’ਚ ਇਸ ਨੂੰ ਹੁਣ ਰੋਕਿਆ ਜਾ ਰਿਹਾ ਹੈ ਤਾਂ ਟੀਕਾਕਰਨ ਮੁਹਿੰਮ ’ਤੇ ਕਿਸ ਤਰ੍ਹਾਂ ਦਾ ਅਸਰ ਪਵੇਗਾ। ਐੱਫ. ਡੀ. ਏ. ਮੁਤਾਬਕ, ਜਿਸ ਚਾਈਨੀਜ਼ ਕੰਪਨੀ ਤੋਂ ਸਰਿੰਜਾਂ ਆ ਰਹੀਆਂ ਸਨ, ਉਸ ਦੇ ਉਤਪਾਦ ’ਚ ਸ਼ਿਕਾਇਤ ਆ ਰਹੀ ਸੀ। ਇਸ ਸਰਿੰਜ ਕਾਰਨ ਟੀਕਾ ਲਗਵਾਉਣ ਵਾਲੇ ਦੇ ਹੱਥ ’ਚ ਦਰਦ ਤੇ ਸੂਈ ਤਕ ਟੁੱਟਣ ਦੀ ਸ਼ਿਕਾਇਤ ਦਰਜ ਕੀਤੀ ਗਈ ਸੀ, ਜਿਸ ਨੂੰ ਦੇਖਦਿਆਂ ਐੱਫ. ਡੀ. ਏ. ਇਹ ਕਦਮ ਚੁੱਕਿਆ ਹੈ।
ਅਮਰੀਕਾ ’ਚ ਜੰਗੀ ਪੱਧਰ ’ਤੇ ਹੋ ਰਿਹਾ ਟੀਕਾਕਰਨ
ਤੁਹਾਨੂੰ ਦੱਸ ਦੇਈਏ ਕਿ ਅਮਰੀਕਾ ’ਚ ਕੋਰੋਨਾ ਟੀਕਾਕਰਨ ਦਾ ਕੰਮ ਤੇਜ਼ ਰਫਤਾਰ ਨਾਲ ਚੱਲ ਰਿਹਾ ਹੈ। ਹੁਣ ਤਕ ਅਮਰੀਕਾ ’ਚ 28 ਕਰੋੜ ਵੈਕਸੀਨ ਦੀ ਡੋਜ਼ ਦਿੱਤੀ ਜਾ ਚੁੱਕੀ ਹੈ, ਜਦਕਿ 12 ਕਰੋੜ ਲੋਕਾਂ ਨੂੰ ਵੈਕਸੀਨ ਦੀ ਦੂਜੀ ਡੋਜ਼ ਵੀ ਲੱਗ ਚੁੱਕੀ ਹੈ। ਅਮਰੀਕਾ ’ਚ ਹੁਣ ਵੈਕਸੀਨ ਦੀਆਂ ਦੋਵੇਂ ਡੋਜ਼ ਲਗਵਾ ਚੁੱਕੇ ਲੋਕਾਂ ਨੂੰ ਮਾਸਕ ਪਹਿਨਣ ਦੀ ਲੋੜ ਨਹੀਂ ਹੈ, ਹਾਲਾਂਕਿ ਜੇ ਉਹ ਜ਼ਿਆਦਾ ਭੀੜ-ਭੜੱਕੇ ਵਾਲੇ ਇਲਾਕੇ ’ਚ ਹਨ ਜਾਂ ਕਿਸੇ ਕੋਰੋਨਾ ਪੀੜਤ ਮਰੀਜ਼ ਦੇ ਨੇੜੇ ਵਾਲੀ ਥਾਂ ’ਤੇ ਹਨ ਤਾ ਉਹ ਮਾਸਕ ਪਹਿਨ ਸਕਦੇ ਹਨ।