ਅਮਰੀਕਾ ਦੇ ਸੂਬੇ ਮਿਸ਼ੀਗਨ 'ਚ ਲਾਕਡਾਊਨ ਵਿਰੁੱਧ ਲੋਕਾਂ ਨੇ ਹਥਿਆਰਾਂ ਸਣੇ ਕੀਤਾ ਪ੍ਰਦਰਸ਼ਨ
Friday, May 01, 2020 - 08:20 AM (IST)
ਵਾਸ਼ਿੰਗਟਨ - ਅਮਰੀਕਾ ਦੇ ਸੂਬੇ ਮਿਸ਼ੀਗਨ ਦੀ ਰਾਜਧਾਨੀ ਲਾਂਸਿੰਗ ਵਿਚ ਸੈਂਕੜੇ ਲੋਕਾਂ ਨੇ ਲਾਕਡਾਊਨ ਖਿਲਾਫ ਪ੍ਰਦਰਸ਼ਨ ਕੀਤਾ, ਇਨ੍ਹਾਂ ਵਿਚੋਂ ਕੁਝ ਲੋਕਾਂ ਕੋਲ ਹਥਿਆਰ ਵੀ ਸਨ। ਪ੍ਰਦਰਸ਼ਨਕਾਰੀ ਕੋਵਿਡ -19 ਨੂੰ ਕਾਬੂ ਕਰਨ ਲਈ ਗਵਰਨਰ ਗਰੇਚੇਨ ਵਿਟਮਰ ਵਲੋਂ ਐਲਾਨੇ ਗਏ ਲਾਕਡਾਊਨ ਦਾ ਵਿਰੋਧ ਕਰ ਰਹੇ ਸਨ। ਸੋਸ਼ਲ ਮੀਡੀਆ 'ਤੇ ਪੋਸਟ ਵਿਚ ਇਸ ਘਟਨਾ ਦੀਆਂ ਵੀਡੀਓ ਅਤੇ ਤਸਵੀਰਾਂ ਵਿਚ ਪ੍ਰਦਰਸ਼ਨਕਾਰੀਆਂ ਕੋਲ ਹਥਿਆਰ ਦਿਖਾਈ ਦੇ ਰਹੇ ਹਨ। ਟਵਿੱਟਰ 'ਤੇ ਪੋਸਟ ਕੀਤੀਆਂ ਤਸਵੀਰਾਂ ਅਤੇ ਵੀਡਿਓਜ਼ ਵਿਚ ਦੇਖਿਆ ਜਾ ਸਕਦਾ ਹੈ ਕਿ ਪੁਲਸ ਕਰਮਚਾਰੀ ਪ੍ਰਦਰਸ਼ਨਕਾਰੀਆਂ ਨੂੰ ਕੈਪੀਟਲ ਬਿਲਡਿੰਗ ਵਿਚ ਦਾਖਲ ਹੋਣ ਤੋਂ ਰੋਕਣ ਦੀ ਕੋਸ਼ਿਸ਼ ਰਹੇ ਹਨ।
ਜ਼ਿਕਰਯੋਗ ਹੈ ਕਿ ਗਰੇਚੇਨ ਨੇ 23 ਮਾਰਚ ਨੂੰ 'ਸਟੇਅ ਹੋਮ ਸਟੇਅ ਸੇਫ' ਨਾਂ ਦਾ ਕਾਰਜਕਾਰੀ ਹੁਕਮ ਜਾਰੀ ਕੀਤਾ ਸੀ, ਜਿਸ ਤਹਿਤ ਸਥਾਨਕ ਨਿਵਾਸੀਆਂ 'ਤੇ ਨੌਕਰੀ-ਪੇਸ਼ੇ ਲਈ ਘਰੋਂ ਬਾਹਰ ਨਿਕਲਣ, ਜਨਤਕ ਸਮਾਰੋਹਾਂ ਅਤੇ ਸਥਾਨਕ ਹਸਪਤਾਲਾਂ, ਮਾਲ ਅਤੇ ਰੈਸਟੋਰੈਂਟਾਂ ਵਿਚ ਜਾਣ ਦੀ ਪਾਬੰਦੀ ਲਗਾ ਦਿੱਤੀ ਗਈ ਸੀ ਤਾਂ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਅਮਰੀਕਾ ਵਿਚ ਕੋਰੋਨਾ ਵਾਇਰਸ ਦੇ ਸਭ ਤੋਂ ਵੱਧ ਮਰੀਜ਼ ਹਨ, ਇਸ ਦੇ ਬਾਵਜੂਦ ਲੋਕ ਬੀਮਾਰੀ ਵਧਾਉਣ ਵਾਲੀਆਂ ਹਰਕਤਾਂ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 18 ਅਪ੍ਰੈਲ ਨੂੰ ਵੀ ਲਾਕਡਾਊਨ ਦੌਰਾਨ ਅਮਰੀਕਾ ਦੇ ਤਿੰਨ ਸੂਬਿਆਂ ਮਿਸ਼ੀਗਨ, ਮਿਨੀਸੋਟਾ ਅਤੇ ਵਰਜੀਨੀਆ ਵਿਚ ਟਰੰਪ ਸਰਕਾਰ ਦੇ ਵਿਰੋਧ ਵਿਚ ਲੋਕਾਂ ਨੇ ਪ੍ਰਦਰਸ਼ਨ ਕੀਤਾ ਸੀ। ਉਸ ਸਮੇਂ ਵੀ ਮਿਸ਼ੀਗਨ ਵਿਚ ਵੱਡਾ ਪ੍ਰਦਰਸ਼ਨ ਕੀਤਾ ਗਿਆ ਸੀ। ਲਾਕਡਾਊਨ ਦੌਰਾਨ ਤਕਰੀਬਨ 3 ਹਜ਼ਾਰ ਲੋਕ ਹਥਿਆਰ ਲੈ ਕੇ ਸੜਕਾਂ 'ਤੇ ਘੁੰਮਦੇ ਨਜ਼ਰ ਆਏ ਸਨ।