ਅਮਰੀਕਾ ਨੇ ਯੂਕ੍ਰੇਨ ਲਈ ਨਵੀਂ ਫ਼ੌਜੀ ਸਹਾਇਤਾ ਦਾ ਕੀਤਾ ਐਲਾਨ

Monday, Apr 25, 2022 - 12:04 PM (IST)

ਵਾਰਸਾ (ਏਜੰਸੀ): ਵਿਦੇਸ਼ ਮੰਤਰੀ ਐਂਟੋਨੀ ਬਲਿੰਕਨ ਅਤੇ ਰੱਖਿਆ ਸਕੱਤਰ ਲੋਇਡ ਆਸਟਿਨ ਦੇ ਦੌਰੇ ਤੋਂ ਬਾਅਦ ਅਮਰੀਕਾ ਨੇ ਯੂਕ੍ਰੇਨ ਲਈ ਨਵੀਂ ਫ਼ੌਜੀ ਸਹਾਇਤਾ ਅਤੇ ਕੂਟਨੀਤਕ ਸਮਰਥਨ ਦਾ ਐਲਾਨ ਕੀਤਾ ਹੈ। ਬਲਿੰਕਨ ਅਤੇ ਆਸਟਿਨ ਕੀਵ ਦੀ ਯਾਤਰਾ 'ਤੇ ਗਏ ਸਨ, ਜਿਸ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ ਸੀ। ਰੂਸ ਦੇ ਯੂਕ੍ਰੇਨ 'ਤੇ ਹਮਲੇ ਤੋਂ ਬਾਅਦ ਅਮਰੀਕਾ ਦੇ ਸੀਨੀਅਰ ਅਧਿਕਾਰੀਆਂ ਦਾ ਯੁੱਧਗ੍ਰਸਤ ਦੇਸ਼ ਦਾ ਇਹ ਪਹਿਲਾ ਦੌਰਾ ਹੈ। ਦੋਵਾਂ ਨੇਤਾਵਾਂ ਨੇ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਅਤੇ ਉਨ੍ਹਾਂ ਦੇ ਸਲਾਹਕਾਰਾਂ ਨੂੰ ਦੱਸਿਆ ਕਿ ਅਮਰੀਕਾ 30 ਕਰੋੜ ਡਾਲਰ ਤੋਂ ਵੱਧ ਵਿਦੇਸ਼ੀ ਫ਼ੌਜੀ ਫੰਡਿੰਗ ਪ੍ਰਦਾਨ ਕਰੇਗਾ ਅਤੇ 16.5 ਕਰੋੜ ਡਾਲਰ ਦੇ ਗੋਲਾ-ਬਾਰੂਦ ਦੀ ਵਿਕਰੀ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ। 

ਉਨ੍ਹਾਂ ਨੇ ਇਹ ਵੀ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਜਲਦੀ ਹੀ ਯੂਕ੍ਰੇਨ ਦੇ ਰਾਜਦੂਤ ਲਈ ਆਪਣੇ ਉਮੀਦਵਾਰ ਦਾ ਐਲਾਨ ਕਰਨਗੇ ਅਤੇ ਯੁੱਧ ਤੋਂ ਪਹਿਲਾਂ ਯੂਕ੍ਰੇਨ ਛੱਡਣ ਵਾਲੇ ਅਮਰੀਕੀ ਡਿਪਲੋਮੈਟ ਆਉਣ ਵਾਲੇ ਹਫ਼ਤੇ ਵਿੱਚ ਦੇਸ਼ ਪਰਤਣਾ ਸ਼ੁਰੂ ਕਰ ਦੇਣਗੇ। ਕੀਵ ਵਿੱਚ ਅਮਰੀਕੀ ਦੂਤਘਰ ਫਿਲਹਾਲ ਬੰਦ ਰਹੇਗਾ। ਜ਼ੇਲੇਂਸਕੀ ਨੇ ਸ਼ਨੀਵਾਰ ਨੂੰ ਘੋਸ਼ਣਾ ਕੀਤੀ ਕਿ ਉਹ ਐਤਵਾਰ ਨੂੰ ਕੀਵ ਵਿੱਚ ਅਮਰੀਕੀ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ ਪਰ ਬਾਈਡੇਨ ਪ੍ਰਸ਼ਾਸਨ ਦੁਆਰਾ ਇਸਦੀ ਪੁਸ਼ਟੀ ਨਹੀਂ ਕੀਤੀ ਗਈ ਅਤੇ ਸੰਭਾਵਿਤ ਮੁਲਾਕਾਤ ਦੇ ਵੇਰਵਿਆਂ 'ਤੇ ਚਰਚਾ ਕਰਨ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ ਯਾਤਰਾ ਦੀਆਂ ਤਿਆਰੀਆਂ ਇੱਕ ਹਫ਼ਤੇ ਤੋਂ ਵੱਧ ਸਮੇਂ ਤੋਂ ਚੱਲ ਰਹੀਆਂ ਸਨ। 

ਪੜ੍ਹੋ ਇਹ ਅਹਿਮ ਖ਼ਬਰ -ਚੋਣਾਂ 'ਚ ਜਿੱਤ ਮਗਰੋਂ ਮੈਕਰੋਂ ਨੋ ਲੋਕਾਂ ਦਾ ਕੀਤਾ ਧੰਨਵਾਦ, PM ਮੋਦੀ ਸਮੇਤ ਦੁਨੀਆ ਭਰ ਦੇ ਨੇਤਾਵਾਂ ਨੇ ਦਿੱਤੀ ਵਧਾਈ

ਆਸਟਿਨ ਅਤੇ ਬਲਿੰਕਨ ਨਾਲ ਪੋਲੈਂਡ ਦੀ ਯਾਤਰਾ ਕਰਨ ਵਾਲੇ ਪੱਤਰਕਾਰਾਂ ਨੂੰ ਯਾਤਰਾ ਦੇ ਅੰਤ ਤੱਕ ਇਸ ਮਾਮਲੇ 'ਤੇ ਰਿਪੋਰਟ ਕਰਨ ਤੋਂ ਮਨ੍ਹਾ ਕੀਤਾ ਗਿਆ ਸੀ। ਇਹ ਪੱਤਰਕਾਰ ਦੋਵਾਂ ਮੰਤਰੀਆਂ ਨਾਲ ਯੂਕ੍ਰੇਨ ਵੀ ਨਹੀਂ ਗਏ, ਵਫ਼ਦ ਦੇ ਵਾਪਸ ਆਉਣ ਤੱਕ ਦੱਖਣ-ਪੂਰਬੀ ਪੋਲੈਂਡ ਵਿੱਚ ਰਹੇ। ਇਸ ਦੇ ਲਈ ਵਿਦੇਸ਼ ਮੰਤਰਾਲੇ ਅਤੇ ਪੈਂਟਾਗਨ ਦੇ ਅਧਿਕਾਰੀਆਂ ਨੇ ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੱਤਾ। ਆਸਟਿਨ ਅਤੇ ਬਲਿੰਕਨ ਨੇ ਯੂਕ੍ਰੇਨ ਅਤੇ 15 ਸਹਿਯੋਗੀ ਅਤੇ ਭਾਈਵਾਲ ਦੇਸ਼ਾਂ ਲਈ ਕੁੱਲ 71.3 ਕਰੋੜ ਡਾਲਰ ਵਿਦੇਸ਼ੀ ਫ਼ੌਜੀ ਫੰਡਿੰਗ ਦਾ ਐਲਾਨ ਕੀਤਾ ਹੈ। ਇਸ ਵਿੱਚੋਂ, ਲਗਭਗ 32.2 ਕਰੋੜ ਡਾਲਰ ਯੂਕ੍ਰੇਨ ਲਈ ਰੱਖੇ ਗਏ ਹਨ। ਮੀਟਿੰਗ ਤੋਂ ਪਹਿਲਾਂ ਜ਼ੇਲੇਂਸਕੀ ਨੇ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਅਮਰੀਕਾ ਹਥਿਆਰ ਅਤੇ ਸੁਰੱਖਿਆ ਦੋਵਾਂ ਦੀ ਗਾਰੰਟੀ ਦੇਵੇਗਾ। ਉਹਨਾਂ ਨੇ ਕਿਹਾ ਕਿ ਤੁਸੀਂ ਅੱਜ ਸਾਡੇ ਕੋਲ ਖਾਲੀ ਹੱਥ ਨਹੀਂ ਆ ਸਕਦੇ ਅਤੇ ਅਸੀਂ ਕਿਸੇ ਮਾਮੂਲੀ ਤੋਹਫ਼ੇ ਦੀ ਉਮੀਦ ਨਹੀਂ ਕਰ ਰਹੇ ਹਾਂ, ਸਾਨੂੰ ਕੁਝ ਚੀਜ਼ਾਂ ਅਤੇ ਕੁਝ ਹਥਿਆਰਾਂ ਦੀ ਜ਼ਰੂਰਤ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News