ਅਮਰੀਕਾ ਨੇ ਅਫ਼ਗਾਨਿਸਤਾਨ ਨੂੰ 14.4 ਕਰੋੜ ਡਾਲਰ ਦੀ ਮਨੁੱਖੀ ਸਹਾਇਤਾ ਦੇਣ ਦਾ ਕੀਤਾ ਐਲਾਨ

Friday, Oct 29, 2021 - 12:25 PM (IST)

ਅਮਰੀਕਾ ਨੇ ਅਫ਼ਗਾਨਿਸਤਾਨ ਨੂੰ 14.4 ਕਰੋੜ ਡਾਲਰ ਦੀ ਮਨੁੱਖੀ ਸਹਾਇਤਾ ਦੇਣ ਦਾ ਕੀਤਾ ਐਲਾਨ

ਵਾਸ਼ਿੰਗਟਨ (ਭਾਸ਼ਾ)- ਅਫ਼ਗਾਨਿਸਤਾਨ ਵਿਚ ਤਾਲਿਬਾਨ ਸ਼ਾਸਨ ਅਧੀਨ ਗੰਭੀਰ ਮਨੁੱਖੀ ਸੰਕਟ ਦਾ ਸਾਹਮਣਾ ਕਰ ਰਹੇ ਲੋਕਾਂ ਦੀ ਮਦਦ ਲਈ ਅਮਰੀਕਾ 14.4 ਕਰੋੜ ਡਾਲਰ ਦੀ ਮਦਦ ਕਰੇਗਾ। ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਵੀਰਵਾਰ ਨੂੰ ਕਿਹਾ ਕਿ ਸਹਾਇਤਾ ਸਿੱਧੇ ਤੌਰ 'ਤੇ ਸੁਤੰਤਰ ਅੰਤਰਰਾਸ਼ਟਰੀ ਅਤੇ ਗੈਰ-ਸਰਕਾਰੀ ਮਾਨਵਤਾਵਾਦੀ ਸੰਗਠਨਾਂ ਨੂੰ ਪ੍ਰਦਾਨ ਕੀਤੀ ਜਾਵੇਗੀ, ਜਿਸ ਵਿਚ ਸ਼ਰਨਾਰਥੀਆਂ ਲਈ ਸੰਯੁਕਤ ਰਾਸ਼ਟਰ ਹਾਈ ਕਮਿਸ਼ਨਰ (UNHCR), ਸੰਯੁਕਤ ਰਾਸ਼ਟਰ ਬਾਲ ਫੰਡ (UNICEF), ਅੰਤਰਰਾਸ਼ਟਰੀ ਇਮੀਗ੍ਰੇਸ਼ਨ ਸੰਗਠਨ (IOM) ਅਤੇ ਵਿਸ਼ਵ ਸਿਹਤ ਸੰਗਠਨ ਸ਼ਾਮਲ ਹਨ। ਬਲਿੰਕੇਨ ਨੇ ਕਿਹਾ, "ਇਹ ਫੰਡ ਖੇਤਰ ਦੇ 1.8 ਕਰੋੜ ਤੋਂ ਵੱਧ ਲੋੜਵੰਦ ਅਫਗਾਨਾਂ ਨੂੰ ਸਿੱਧੀ ਸਹਾਇਤਾ ਪ੍ਰਦਾਨ ਕਰੇਗਾ, ਜਿਸ ਵਿਚ ਗੁਆਂਢੀ ਦੇਸ਼ਾਂ ਵਿਚ ਸ਼ਰਨ ਲੈਣ ਵਾਲੇ ਅਫ਼ਗਾਨ ਸ਼ਰਨਾਰਥੀ ਵੀ ਸ਼ਾਮਲ ਹਨ।"

ਇਹ ਵੀ ਪੜ੍ਹੋ : ਕੈਨੇਡਾ ਦੀ ਸ਼ਰਾਬ ਪੀ ਕੇ ਮਾਰਕੁੱਟ ਕਰਨ ਵਾਲੇ 7 ਭਾਰਤੀ ਵਿਦਿਆਰਥੀਆਂ ਖ਼ਿਲਾਫ਼ ਵੱਡੀ ਕਾਰਵਾਈ

ਬਲਿੰਕਨ ਨੇ ਕਿਹਾ ਕਿ ਇਸ ਦੇ ਨਾਲ ਹੀ ਅਫ਼ਗਾਨਿਸਤਾਨ ਵਿਚ ਅਤੇ ਇਸ ਖੇਤਰ ਵਿਚ ਅਫ਼ਗਾਨ ਸ਼ਰਨਾਰਥੀਆਂ ਲਈ ਕੁੱਲ ਅਮਰੀਕੀ ਮਨੁੱਖੀ ਸਹਾਇਤਾ 2021 ਵਿਚ ਵੱਧ ਕੇ ਲਗਭਗ 47.4 ਕਰੋੜ ਡਾਲਰ ਹੋ ਗਈ, ਜੋ ਕਿਸੇ ਵੀ ਦੇਸ਼ ਵੱਲੋਂ ਦਿੱਤੀ ਸਭ ਤੋਂ ਵੱਧ ਆਰਥਿਕ ਮਦਦ ਹੈ। ਵਿਦੇਸ਼ ਮੰਤਰੀ ਨੇ ਕਿਹਾ, “ਇਹ ਮਦਦ ਸਾਡੇ ਭਾਈਵਾਲਾਂ ਨੂੰ ਸਿਹਤ ਸੰਭਾਲ ਦੀ ਕਮੀ, ਕੋਵਿਡ-19, ਸੋਕਾ, ਕੁਪੋਸ਼ਣ ਅਤੇ ਆਉਣ ਵਾਲੇ ਸਰਦੀਆਂ ਦੇ ਮੌਸਮ ਵਿਚ ਵਧਦੀਆਂ ਮਨੁੱਖੀ ਲੋੜਾਂ ਦੇ ਮੱਦੇਨਜ਼ਰ ਜੀਵਨ ਸੁਰੱਖਿਆ, ਭੋਜਨ ਸੁਰੱਖਿਆ, ਜ਼ਰੂਰੀ ਸਿਹਤ ਦੇਖਭਾਲ, ਸਰਦੀਆਂ ਦੇ ਸਾਮਾਨ ਨਾਲ ਜੁੜੀ ਮਦਦ ਅਤੇ ਹੋਰ ਸਾਜ਼ੋ-ਸਾਮਾਨ ਅਤੇ ਐਮਰਜੈਂਸੀ ਭੋਜਨ ਸੰਬੰਧੀ ਸਹਾਇਤਾ ਪ੍ਰਦਾਨ ਕਰਨ ਦੇ ਯੋਗ ਬਣਾਏਗੀ। ਉਨ੍ਹਾਂ ਕਿਹਾ,''ਇਸ ਮਨੁੱਖੀ ਸਹਾਇਤਾ ਨਾਲ ਅਫ਼ਗਾਨਿਸਤਾਨ ਦੇ ਲੋਕਾਂ ਨੂੰ ਲਾਭ ਹੋਵੇਗਾ ਨਾ ਕਿ ਤਾਲਿਬਾਨ ਨੂੰ, ਜਿਨ੍ਹਾਂ ਨੂੰ ਅਸੀਂ ਉਨ੍ਹਾਂ ਵੱਲੋਂ ਕੀਤੀਆਂ ਗਈਆਂ ਵਚਨਬੱਧਤਾਵਾਂ ਲਈ ਜਵਾਬਦੇਹ ਠਹਿਰਾਉਂਦੇ ਹਾਂ।'' 

ਇਹ ਵੀ ਪੜ੍ਹੋ : ਵੱਡੀ ਖ਼ਬਰ: ਭਾਰਤ ਵਿਰੋਧੀ ਸਰਗਰਮੀਆਂ ਕਰਨ ਵਾਲੇ ਕੈਨੇਡਾ ਅਤੇ ਹੋਰ ਦੇਸ਼ਾਂ ਦੇ ਨਾਗਰਿਕਾਂ ਦੇ ਵੀਜ਼ਾ, OCI ਕਾਰਡ ਰੱਦ

ਬਲਿੰਕਨ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਅਫ਼ਗਾਨਿਸਤਾਨ ਦੇ ਗੁਆਂਢੀਆਂ ਨੇ ਲੰਬੇ ਸਮੇਂ ਤੋਂ ਦੁਨੀਆ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਲੰਬੇ ਸ਼ਰਨਾਰਥੀ ਹਾਲਾਤਾਂ ਦਾ ਸਾਹਮਣਾ ਕੀਤਾ ਹੈ। ਉਨ੍ਹਾਂ ਨੇ ਇਨ੍ਹਾਂ ਦੇਸ਼ਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਅੰਤਰਰਾਸ਼ਟਰੀ ਸੁਰੱਖਿਆ ਦੀ ਮੰਗ ਕਰਨ ਵਾਲੇ ਅਫ਼ਗਾਨ ਲੋਕਾਂ ਲਈ ਆਪਣੀਆਂ ਸਰਹੱਦਾਂ ਖੁੱਲ੍ਹੀਆਂ ਰੱਖਣ। ਬਲਿੰਕੇਨ ਨੇ ਕਿਹਾ, "ਇਸ ਨਵੀਂ ਮਨੁੱਖੀ ਸਹਾਇਤਾ ਜ਼ਰੀਏ ਅਸੀਂ ਅਫ਼ਗਾਨ ਸ਼ਰਨਾਰਥੀਆਂ ਨੂੰ ਸੁਰੱਖਿਆ ਪ੍ਰਦਾਨ ਕਰਨਾ ਅਤੇ ਇਸ ਖੇਤਰ ਵਿਚ ਆਪਣੇ ਭਾਈਵਾਲਾਂ ਦਾ ਸਮਰਥਨ ਕਰਨਾ ਜਾਰੀ ਰੱਖਾਂਗੇ। ਨਾਲ ਹੀ ਅਸੀਂ ਅਫ਼ਗਾਨਿਸਤਾਨ ਵਿਚ ਲੋੜਵੰਦਾਂ ਦੀ ਮਦਦ ਕਰਨਾ ਜਾਰੀ ਰੱਖਾਂਗੇ।" 

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News