ਅਮਰੀਕਾ ਨੇ ਤਾਲਿਬਾਨ ''ਤੇ ਕੀਤੇ ਹਵਾਈ ਹਮਲੇ
Wednesday, Feb 07, 2018 - 12:31 PM (IST)
ਵਾਸ਼ਿੰਗਟਨ (ਬਿਊਰੋ)— ਅਮਰੀਕੀ ਮਿਲਟਰੀ ਵਿਭਾਗ ਨੇ ਮੰਗਲਵਾਰ ਨੂੰ ਜਾਣਕਾਰੀ ਦਿੱਤੀ ਕਿ ਅਮਰੀਕਾ ਨੇ ਅਫਗਾਨਿਸਤਾਨ ਦੇ ਉੱਤਰੀ-ਪੂਰਬੀ ਬਦਖਸ਼ਾਂ ਸੂਬੇ ਵਿਚ ਚੀਨ ਅਤੇ ਤਜ਼ਾਕਿਸਤਾਨ ਦੀ ਸਰੱਹਦ 'ਤੇ ਮੰਗਲਵਾਰ ਨੂੰ ਤਾਲਿਬਾਨ 'ਤੇ ਹਵਾਈ ਹਮਲੇ ਕੀਤੇ। ਅਮਰੀਕਾ ਨੇ ਇਹ ਹਮਲੇ ਖੇਤਰ ਤੋਂ ਤਾਲਿਬਾਨ ਦਾ ਪ੍ਰਭਾਵ ਘੱਟ ਕਰਨ ਲਈ ਕੀਤੇ ਹਨ। ਇਕ ਸਮਾਚਾਰ ਏਜੰਸੀ ਮੁਤਾਬਕ ਇਸ ਤੋਂ ਪਹਿਲਾਂ ਅਮਰੀਕਾ ਦੇ ਹਵਾਈ ਹਮਲੇ ਦੇਸ਼ ਵਿਚ ਅੱਤਵਾਦੀਆਂ ਦੇ ਕਬਜ਼ੇ ਵਾਲੇ ਦੱਖਣੀ ਅਤੇ ਪੂਰਬੀ ਭਾਗਾਂ ਤੱਕ ਸੀਮਤ ਸਨ। ਅਮਰੀਕੀ ਫੌਜ ਅਫਗਾਨਿਸਤਾਨ (ਯੂ. ਐੱਸ. ਐੱਫ. ਓ. ਆਰ-ਏ.) ਦੇ ਕਮਾਂਡਰ ਜਨਰਲ ਜੌਨ ਨਿਕੋਲਸਨ ਨੇ ਬਿਆਨ ਜਾਰੀ ਕਰਦੇ ਹੋਏ ਕਿਹਾ,''ਦੇਸ਼ ਵਿਚ ਨੁਕਸਾਨ ਅਤੇ ਤਬਾਹੀ ਲਾਉਣ ਵਾਲੇ ਕਿਸੇ ਅੱਤਵਾਦੀ ਸੰਗਠਨ ਨੂੰ ਕੋਈ ਸੁਰੱਖਿਅਤ ਜਗ੍ਹਾ ਨਹੀਂ ਮਿਲੇਗੀ।'' ਉਨ੍ਹਾਂ ਨੇ ਕਿਹਾ ਕਿ ਤਾਲਿਬਾਨ ਨੂੰ ਕਿਤੇ ਲੁਕਣ ਦੀ ਜਗ੍ਹਾ ਨਹੀਂ ਮਿਲੇਗੀ। ਰਿਪੋਰਟ ਮੁਤਾਬਕ ਅਮਰੀਕਾ ਨੇ ਬੀਤੇ 96 ਘੰਟਿਆਂ ਵਿਚ ਚੀਨ ਅਤੇ ਪਾਕਿਸਤਾਨ ਦੀ ਸਰਹੱਦ 'ਤੇ ਤਾਲਿਬਾਨ ਦੇ ਸਿਖਲਾਈ ਕੇਂਦਰਾਂ ਅਤੇ ਹਮਲਾ ਕਰਨ ਵਾਲੇ ਕੇਂਦਰਾਂ 'ਤੇ 24 ਹਮਲੇ ਕੀਤੇ।
ਯੂ. ਐੱਸ. ਐੱਫ. ਓ. ਆਰ-ਏ. ਨੇ ਦਾਅਵਾ ਕੀਤਾ ਕਿ ਹਮਲੇ ਵਿਚ ਅਫਗਾਨਿਸਤਾਨੀ ਫੌਜ ਦੀਆਂ ਚੋਰੀ ਹੋਈਆਂ ਗੱਡੀਆਂ ਵੀ ਨਸ਼ਟ ਹੋ ਗਈਆਂ। ਇਨ੍ਹਾਂ ਗੱਡੀਆਂ ਦੀ ਵਰਤੋਂ ਬੰਬ ਧਮਾਕਿਆਂ ਲਈ ਕੀਤੀ ਜਾਣੀ ਸੀ। ਬਿਆਨ ਮੁਤਾਬਕ ਤਾਲਿਬਾਨ ਦੇ ਨਸ਼ੀਲੇ ਪਦਾਰਥਾਂ ਦੇ ਵਪਾਰ 'ਤੇ ਹਮਲਿਆਂ ਨਾਲ ਉਸ ਨੂੰ ਨਵੰਬਰ ਤੋਂ ਲੈ ਕੇ ਹੁਣ ਤੱਕ 3 ਕਰੋੜ ਡਾਲਰ ਦਾ ਨੁਕਸਾਨ ਹੋ ਚੁੱਕਾ ਹੈ।
