ਅਮਰੀਕਾ ਨੇ ਫਿਰ ਵਧਾਇਆ ਪਾਕਿ ''ਤੇ ਦਬਾਅ, ਤਬਾਹ ਕਰੇ ਅੱਤਵਾਦੀ ਟਿਕਾਣੇ
Saturday, Mar 09, 2019 - 11:55 PM (IST)

ਵਾਸ਼ਿੰਗਟਨ (ਏਜੰਸੀ)- ਅਮਰੀਕਾ ਨੇ ਇਕ ਵਾਰ ਫਿਰ ਪਾਕਿਸਤਾਨ ਦੀ ਜ਼ਮੀਨ 'ਤੇ ਮੌਜੂਦ ਅੱਤਵਾਦੀ ਪਨਾਹਗਾਹਾਂ ਨੂੰ ਲੈ ਕੇ ਦਬਾਅ ਵਧਾਇਆ ਹੈ। ਅਮਰੀਕਾ ਨੇ ਸਖ਼ਤ ਹੋ ਕੇ ਕਿਹਾ ਹੈ ਕਿ ਪਾਕਿਸਤਾਨ ਆਪਣੇ ਇਥੇ ਮੌਜੂਦ ਅੱਤਵਾਦੀ ਸਮੂਹਾਂ ਖਿਲਾਫ ਸਥਾਈ ਅਤੇ ਲਗਾਤਾਰ ਕਾਰਵਾਈ ਕਰੇ। ਵਿਦੇਸ਼ ਮੰਤਰਾਲੇ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ, ਜਦੋਂ ਪੁਲਵਾਮਾ ਵਿਚ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਹਮਲੇ ਅਤੇ ਬਾਲਾਕੋਟ ਵਿਚ ਜੈਸ਼ ਦੇ ਅੱਤਵਾਦੀ ਕੈਂਪਾਂ 'ਤੇ ਭਾਰਤ ਦੇ ਹਵਾਈ ਹਮਲੇ ਤੋਂ ਬਾਅਦ ਪਾਕਿਸਤਾਨ 'ਤੇ ਅੱਤਵਾਦੀਆਂ ਖਿਲਾਫ ਕਾਰਵਾਈ ਲਈ ਵਿਸ਼ਵ ਪੱਧਰ ਦਾ ਦਬਾਅ ਵਧਿਆ ਹੈ।
ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਐਲਾਨ ਦਿੱਤਾ ਕਿ ਪਾਕਿਸਤਾਨ ਵਿਚ ਪਾਬੰਦੀਸ਼ੁਦਾ ਸਮੂਹਾਂ ਦੇ ਹੁਣ ਤੱਕ 121 ਮੈਂਬਰਾਂ ਨੂੰ ਅਹਿਤੀਆਤਨ ਨਜ਼ਰਬੰਦ ਕੀਤਾ ਗਿਆ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਦੇ ਉਪ ਬੁਲਾਰੇ ਰਾਬਰਟ ਪੇਲਾਡਿਨੋ ਨੇ ਕਿਹਾ ਕਿ ਮੈਂ ਕਹਿਣਾ ਚਾਹੁੰਦਾ ਹਾਂ ਕਿ ਅਸੀਂ ਪਾਕਿਸਤਾਨ ਨੂੰ ਅਪੀਲ ਕੀਤੀ ਹੈ ਕਿ ਉਹ ਅੱਤਵਾਦੀ ਸਮੂਹਾਂ ਖਿਲਾਫ ਲਗਾਤਾਰ ਹੋਰ ਸਥਾਈ ਕਦਮ ਚੁੱਕੇ, ਜਿਸ ਨਾਲ ਭਵਿੱਖ ਵਿਚ ਹਮਲੇ ਰੁਕਣਗੇ ਅਤੇ ਖੇਤਰੀ ਸਥਿਰਤਾ ਨੂੰ ਹੁੰਗਾਰਾ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਅਸੀਂ ਫਿਰ ਤੋਂ ਅਪੀਲ ਕਰਦੇ ਹਾਂ ਕਿ ਪਾਕਿਸਤਾਨ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਪ੍ਰਤੀ ਆਪਣੀ ਵਚਨਬੱਧਤਾਵਾਂ ਦਾ ਪਾਲਨ ਕਰੇ ਅਤੇ ਅੱਤਵਾਦੀਆਂ ਦੀ ਪਨਾਹਗਾਹ ਤਬਾਹ ਕਰਕੇ ਉਨ੍ਹਾਂ ਦੀ ਫੰਡਿੰਗ 'ਤੇ ਰੋਕ ਲਗਾਵੇ।
ਰਾਬਰਟ ਨੇ ਜੈਸ਼ ਦੇ ਮੁਖੀ ਅੱਤਵਾਦੀ ਮਸੂਦ ਅਜ਼ਹਰ ਨੂੰ ਸੰਸਾਰਕ ਅੱਤਵਾਦੀ ਐਲਾਨਣ ਦੇ ਸਵਾਲ 'ਤੇ ਸਿੱਧਾ ਜਵਾਬ ਨਾ ਦਿੰਦੇ ਹੋਏ ਕਿਹਾ ਕਿ ਅਮਰੀਕਾ ਅਤੇ ਸੁਰੱਖਿਆ ਕੌਂਸਲ ਵਿਚ ਉਸ ਦੇ ਸਹਿਯੋਗੀ ਅੱਤਵਾਦੀ ਸੰਗਠਨਾਂ ਅਤੇ ਉਸ ਦੇ ਮਾਸਟਰ ਮਾਈਂਡ ਦੀ ਸੰਯੁਕਤ ਰਾਸ਼ਟਰ ਦੀ ਸੂਚੀ ਨੂੰ ਅਪਡੇਟ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਪਾਬੰਦੀਸ਼ੁਦਾ ਕਮੇਟੀ ਦੇ ਵਿਚਾਰ ਵਟਾਂਦਰੇ ਨਾਲ ਜੁੜੇ ਸਵਾਲ ਗੁਪਤ ਦਾਇਰੇ ਵਿਚ ਆਉਂਦੇ ਹਨ, ਇਸ ਲਈ ਇਨ੍ਹਾਂ 'ਤੇ ਸਿੱਧੀ ਟਿੱਪਣੀ ਨਹੀਂ ਕੀਤੀ ਜਾ ਸਕਦੀ ਹੈ।
ਅਮਰੀਕੀ ਵਿਦੇਸ਼ ਮੰਤਰਾਲੇ ਦੇ ਉਪ ਬੁਲਾਰੇ ਰਾਬਰਟ ਪੇਲਾਡਿਨੋ ਨੇ ਕਿਹਾ ਕਿ ਜੈਸ਼ ਅਤੇ ਉਸ ਦੇ ਸਰਗਨਾ ਮਸੂਦ ਅਜ਼ਹਰ ਨੂੰ ਲੈ ਕੇ ਸਾਡਾ ਰੁਖ ਸਭ ਨੂੰ ਪਤਾ ਹੈ। ਜੈਸ਼ ਇਕ ਸੰਯੁਕਤ ਰਾਸ਼ਟਰ ਵਲੋਂ ਨਾਮਜ਼ਦ ਅੱਤਵਾਦੀ ਸਮੂਹ ਹੈ, ਜੋ ਕਈ ਅੱਤਵਾਦੀ ਹਮਲਿਆਂ ਦਾ ਜ਼ਿੰਮੇਵਾਰ ਹੈ ਅਤੇ ਉਹ ਖੇਤਰੀ ਸਥਿਰਤਾ ਲਈ ਖਤਰਾ ਹੈ। ਮਸੂਦ ਅਜ਼ਹਰ ਜੇ.ਈ.ਐਮ. ਦਾ ਸੰਸਥਾਪਕ ਅਤੇ ਨੇਤਾ ਹੈ। ਹਾਲਾਂਕਿ ਗੁਪਤਤਾ ਦਾ ਹਵਾਲਾ ਦਿੰਦੇ ਹੋਏ ਪੇਲਾਡਿਨੋ ਨੇ ਇਸ ਮੁੱਦੇ 'ਤੇ ਜ਼ਿਆਦਾ ਕੁਝ ਨਹੀਂ ਕਿਹਾ ਪਰ ਇਹ ਵੀ ਸੱਚ ਹੈ ਕਿ ਹਾਲ ਹੀ ਵਿਚ ਫਰਾਂਸ ਅਤੇ ਬ੍ਰਿਟੇਨ ਦੇ ਨਾਲ ਅਮਰੀਕਾ ਨੇ ਵੀ ਮਸੂਦ ਨੂੰ ਸੰਸਾਰਕ ਅੱਤਵਾਦੀ ਐਲਾਨਣ ਦੇ ਮਤੇ ਨੂੰ ਯੂ.ਐਨ.ਐਸ.ਸੀ. ਵਿਚ ਪੇਸ਼ ਕੀਤਾ।