ਵਿਸ਼ਵ ਹਿੰਦੂ ਸੰਮੇਲਨ : ਖਾਸ ਅੰਦਾਜ਼ ''ਚ ਦਿੱਤਾ ਗਿਆ ਹਿੰਦੂ ਏਕਤਾ ਦਾ ਸੰਦੇਸ਼

Monday, Sep 10, 2018 - 03:44 PM (IST)

ਵਿਸ਼ਵ ਹਿੰਦੂ ਸੰਮੇਲਨ : ਖਾਸ ਅੰਦਾਜ਼ ''ਚ ਦਿੱਤਾ ਗਿਆ ਹਿੰਦੂ ਏਕਤਾ ਦਾ ਸੰਦੇਸ਼

ਵਾਸ਼ਿੰਗਟਨ (ਏਜੰਸੀ)— ਅਮਰੀਕਾ ਦੇ ਸ਼ਿਕਾਗੋ ਵਿਚ ਚੱਲ ਰਿਹਾ 3 ਦਿਨੀਂ (7 ਤੋਂ 9 ਸਤੰਬਰ) ਵਿਸ਼ਵ ਹਿੰਦੂ ਸੰਮਲੇਨ ਐਤਵਾਰ ਨੂੰ ਖਤਮ ਹੋ ਗਿਆ। ਆਖਰੀ ਦਿਨ ਇੱਥੇ ਇਕ ਅਨੋਖੇ ਅੰਦਾਜ਼ ਵਿਚ ਹਿੰਦੂ ਏਕਤਾ ਦਾ ਸੰਦੇਸ਼ ਦਿੱਤਾ ਗਿਆ। ਪ੍ਰੋਗਰਾਮ ਵਿਚ ਜਿਹੜੇ ਵੀ ਲੋਕ ਆਏ ਉਨ੍ਹਾਂ ਨੂੰ ਇਕ ਪੈਕੇਟ ਦਿੱਤਾ ਗਿਆ, ਜਿਸ ਵਿਚ ਦੋ ਲੱਡੂ ਸਨ। ਇਕ ਲੱਡੂ ਬਿਲਕੁੱਲ ਨਰਮ ਸੀ ਅਤੇ ਦੂਜਾ ਲੱਡੂ ਸਖਤ ਸੀ। ਇਸ ਸਬੰਧੀ ਮੰਚ ਤੋਂ ਲੋਕਾਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਨੂੰ ਜਿਹੜਾ ਪੈਕੇਟ ਦਿੱਤਾ ਗਿਆ ਹੈ ਉਸ ਦਾ ਇਕ ਖਾਸ ਮਹੱਤਵ ਹੈ। ਪੈਕੇਟ ਦੇ ਨਰਮ ਲੱਡੂ ਦਾ ਮਤਲਬ ਹੈ 'ਅਸੰਗਠਿਤ ਹਿੰਦੂ', ਜਿਨ੍ਹਾਂ ਨੂੰ ਕੋਈ ਵੀ ਆਸਾਨੀ ਨਾਲ ਤੋੜ ਸਕਦਾ ਹੈ, ਖਿਲਾਰ ਸਕਦਾ ਹੈ। ਉੱਥੇ ਸਖਤ ਲੱਡੂ ਦਾ ਮਤਲਬ ਹੈ 'ਸੰਗਠਿਤ ਹਿੰਦੂ', ਜੋ ਆਸਾਨੀ ਨਾਲ ਨਹੀਂ ਟੁੱਟਦੇ।

ਆਯੋਜਕਾਂ ਨੇ ਦੱਸਿਆ ਕਿ ਹਿੰਦੂ ਸਮਾਜ ਨੂੰ ਇਕਜੁੱਟਤਾ ਦਾ ਸੰਦੇਸ਼ ਦੇਣ ਲਈ ਹੀ ਦੋ ਵੱਖ-ਵੱਖ ਤਰ੍ਹਾਂ ਦੇ ਲੱਡੂ ਦਿੱਤੇ ਗਏ। ਐਤਵਾਰ ਨੂੰ ਇੱਥੇ ਚਰਚਾ ਦਾ ਵਿਸ਼ਾ ਸੀ—'ਹਿੰਦੂਆਂ ਦੀ ਉੱਨਤੀ ਲਈ ਸਮੂਹਕ ਕੋਸ਼ਿਸ਼'। ਇਸ ਮੁੱਦੇ 'ਤੇ ਚਰਚਾ ਵਿਚ ਡਬਲਊ.ਐੱਚ.ਸੀ. ਦੇ ਹਿੰਦੂ ਸੰਗਠਨਾਤਮਕ ਸੰਮੇਲਨ ਦੇ ਕੋਆਰਡੀਨੇਟਰ ਗੁਨਾ ਮਗੇਸਨ ਨੇ ਕਿਹਾ ਕਿ ਅੱਜ ਦਾ ਹਿੰਦੂ ਨਰਮ ਲੱਡੂ ਵਾਂਗ ਹੈ ਪਰ ਉਸ ਦਾ ਭਵਿੱਖ ਸਖਤ ਲੱਡੂ ਵਾਂਗ ਹੋਣਾ ਚਾਹੀਦਾ ਹੈ। ਭਾਰਤ ਸੇਵਾ ਆਸ਼ਰਮ ਦੇ ਸਵਾਮੀ ਪੂਰਨਾਤਮਨੰਦਾ ਵੀ ਉੱਥੇ ਮੌਜੂਦ ਸਨ। ਉਨ੍ਹਾਂ ਨੇ ਕਿਹਾ ਕਿ ਦੁਬਾਰਾ ਉਨੱਤੀ ਲਈ ਸਾਰੇ ਹਿੰਦੂਆਂ ਨੂੰ ਇਕਜੁੱਟ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਹਿੰਦੂ ਧਾਰਮਿਕ ਸਿੱਖਿਆਵਾਂ ਮਨੁੱਖਤਾਂ ਲਈ ਹਨ। ਭਾਰਤ ਵਿਚ ਹਿੰਦੂ ਸਿੱਖਿਆ ਦੇਣ ਲਈ ਸਕੂਲ ਅਤੇ ਕਾਲਜ ਖੁੱਲ੍ਹਣੇ ਚਾਹੀਦੇ ਹਨ। 

ਇਸ ਤੋਂ ਇਕ ਦਿਨ ਪਹਿਲਾਂ ਰਾਸ਼ਟਰੀ ਸਵੈਸੇਵਕ ਸੰਘ ਦੇ ਪ੍ਰਮੁੱਖ ਮੋਹਨ ਭਾਗਵਤ ਵੀ ਇੱਥੇ 2,500 ਹਿੰਦੂਆਂ ਨੂੰ ਸੰਬੋਧਿਤ ਕਰਨ ਲਈ ਪਹੁੰਚੇ ਸਨ। ਭਾਗਵਤ ਨੇ ਕਿਹਾ ਸੀ,''ਹਜ਼ਾਰਾਂ ਸਾਲਾਂ ਤੋਂ ਹਿੰਦੂ ਪਰੇਸ਼ਾਨ ਕੀਤੇ ਜਾ ਰਹੇ ਹਨ। ਹੁਣ ਉਨ੍ਹਾਂ ਨੂੰ ਇਕੱਠਿਆ ਮਿਲ ਕੇ ਕੰਮ ਕਰਨਾ ਚਾਹੀਦਾ ਹੈ।'' 7 ਤੋਂ 9 ਸਤੰਬਰ ਤੱਕ ਚੱਲੇ ਇਸ ਵਿਸ਼ਵ ਹਿੰਦੂ ਸੰਮੇਲਨ ਵਿਚ 80 ਦੇਸ਼ਾਂ ਦੇ 2,500 ਤੋਂ ਜ਼ਿਆਦਾ ਪ੍ਰਤੀਨਿਧੀਆਂ ਅਤੇ 250 ਤੋਂ ਜ਼ਿਆਦਾ ਬੁਲਾਰਿਆਂ ਨੇ ਹਿੱਸਾ ਲਿਆ। ਇਸ ਸੰਮੇਲਨ ਵਿਚ ਨਾਮਧਾਰੀ ਪੰਥ ਦੇ ਦਲੀਪ ਸਿੰਘ ਵੀ ਪਹੁੰਚੇ ਸਨ। ਉਨ੍ਹਾਂ ਨੇ ਤਾਂ ਹਿੰਦੂਆਂ ਨੂੰ ਅੰਗਰੇਜ਼ੀ ਭਾਸ਼ਾ ਦੀ ਵਰਤੋਂ ਕਰਨ ਤੋਂ ਪਰਹੇਜ਼ ਕਰਨ ਦੀ ਨਸੀਹਤ ਦੇ ਦਿੱਤੀ। ਦਲੀਪ ਸਿੰਘ ਨੇ ਕਿਹਾ,''ਸਾਰੇ ਲੋਕਾਂ ਨੂੰ ਦੇਸ਼ ਦਾ ਨਾਮ ਇੰਡੀਆ ਦੀ ਜਗ੍ਹਾ ਭਾਰਤ ਬੋਲਣਾ ਚਾਹੀਦਾ ਹੈ।''


Related News