ਅਮਰੀਕਾ : ਸੈਰ ਸਪਾਟੇ ਲਈ ਨਾਗਰਿਕਾਂ ਦੇ ਕਿਊਬਾ ਜਾਣ ''ਤੇ ਲੱਗੀ ਰੋਕ

Wednesday, Jun 05, 2019 - 10:29 AM (IST)

ਅਮਰੀਕਾ : ਸੈਰ ਸਪਾਟੇ ਲਈ ਨਾਗਰਿਕਾਂ ਦੇ ਕਿਊਬਾ ਜਾਣ ''ਤੇ ਲੱਗੀ ਰੋਕ

ਵਾਸ਼ਿੰਗਟਨ (ਭਾਸ਼ਾ)— ਟਰੰਪ ਪ੍ਰਸ਼ਾਸਨ ਨੇ ਸੈਰ ਸਪਾਟੇ ਲਈ ਆਪਣੇ ਨਾਗਰਿਕਾਂ ਦੇ ਕਿਊਬਾ ਜਾਣ 'ਤੇ ਰੋਕ ਲਗਾ ਦਿੱਤੀ ਹੈ। ਅਮਰੀਕਾ ਵੱਲੋਂ ਇਸ ਪੂਰੀ ਯੋਜਨਾ ਦਾ ਉਦੇਸ਼ ਆਪਣੀ ਮੁਦਰਾ ਇਕ ਅਜਿਹੇ ਦੇਸ਼ ਵਿਚ ਜਾਣ ਤੋਂ ਰੋਕਣਾ ਹੈ ਜਿਸ ਨੂੰ ਉਹ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਦਾ ਦੋਸਤ ਮੰਨਦਾ ਹੈ। ਵਿੱਤ ਮੰਤਰਾਲੇ ਦੇ ਇਸ ਕਦਮ ਨਾਲ ਕਿਊਬਾ ਨੂੰ ਝਟਕਾ ਲੱਗੇਗਾ। ਕਿਊਬਾ ਸਰਕਾਰ ਨੇ ਅਮਰੀਕਾ ਦੇ ਇਸ ਕਦਮ ਦੀ ਨਿੰਦਾ ਕੀਤੀ ਹੈ ਕਿਉਂਕਿ ਇਸ ਨਾਲ ਦੇਸ਼ ਦੀ ਅਰਥਵਿਵਸਥਾ 'ਤੇ ਬੁਰਾ ਪ੍ਰਭਾਵ ਪਵੇਗਾ।

ਇਸ ਸਾਲ ਦੇ ਸ਼ੁਰੂਆਤੀ ਚਾਰ ਮਹੀਨਿਆਂ ਵਿਚ ਢਾਈ ਲੱਖ ਤੋਂ ਵੱਧ ਅਮਰੀਕੀ ਸੈਲਾਨੀ ਕਿਊਬਾ ਗਏ ਸਨ। ਇਹ ਅੰਕੜਾ ਪਿਛਲੇ ਸਾਲ ਦੀ ਤੁਲਨਾ ਵਿਚ ਦੁਗਣਾ ਹੈ। ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ,''ਅਮਰੀਕਾ ਕਿਊਬਾ ਦੇ ਲੋਕਾਂ ਦੇ ਦਮਨ ਲਈ, ਵੈਨੇਜ਼ੁਏਲਾ ਵਿਚ ਦਖਲ ਅਤੇ ਉੱਥੇ ਨਿਕੋਲਸ ਮਾਦੁਰੋ ਦੀ ਅਗਵਾਈ ਵਿਚ ਜਾਰੀ ਸੰਕਟ ਵਿਚ ਉਸ ਦੀ ਸਿੱਧੀ ਭੂਮਿਕਾ ਲਈ ਕਿਊਬਾ ਦੇ ਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਉਂਦਾ ਹੈ।'' ਵ੍ਹਾਈਟ ਹਾਊਸ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੌਨ ਬੋਲਟਨ ਨੇ ਕਿਹਾ,''ਕਿਊਬਾ ਦੀ ਮਦਦ ਨਾਲ ਮਾਦੁਰੋ ਨੇ ਮਨੁੱਖੀ ਸੰਕਟ ਪੈਦਾ ਕੀਤਾ ਹੈ ਜੋ ਖੇਤਰ ਨੂੰ ਅਸਥਿਰ ਕਰਦਾ ਹੈ।'' ਉਨ੍ਹਾਂ ਦਾ ਕਹਿਣਾ ਹੈ ਕਿ ਇਸ ਰੋਕ ਦਾ ਉਦੇਸ਼ ਕਿਊਬਾ ਵਿਚ ਅਸਿੱਧੇ ਤੌਰ 'ਤੇ ਸੈਰ ਸਪਾਟੇ ਨੂੰ ਰੋਕਣਾ ਹੈ।


author

Vandana

Content Editor

Related News