ਅਮਰੀਕਾ : ਟੈਕਸਾਸ ਦਾ ਇਹ ਹਸਪਤਾਲ ਬਾਈਡੇਨ ਪ੍ਰਸ਼ਾਸਨ ’ਤੇ ਲੱਖ ਡਾਲਰਾਂ ਦੇ ਬਕਾਏ ਦਾ ਕਰੇਗਾ ਦਾਅਵਾ

Saturday, May 29, 2021 - 01:00 PM (IST)

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਟੈਕਸਾਸ ਦੇ ਇੱਕ ਹਸਪਤਾਲ ਨੇ ਵੀਰਵਾਰ ਦਾਅਵਾ ਕਰਦਿਆਂ ਕਿਹਾ ਹੈ ਕਿ ਗੈਰ-ਕਾਨੂੰਨੀ ਤੌਰ ’ਤੇ ਅਮਰੀਕਾ-ਮੈਕਸੀਕੋ ਸਰਹੱਦ ਰਾਹੀਂ ਦਾਖਲ ਹੋਣ ਵਾਲੇ ਬੱਚਿਆਂ ਦਾ ਇਲਾਜ ਕਰਨ ਲਈ ਬਾਈਡੇਨ ਪ੍ਰਸ਼ਾਸਨ ਵੱਲ ਉਨ੍ਹਾਂ ਦੀ 2 ਲੱਖ ਡਾਲਰ ਤੋਂ ਵੱਧ ਦੀ ਅਦਾਇਗੀ ਬਕਾਇਆ ਹੈ। ਇਸ ਸਬੰਧੀ ਮਿਡਲੈਂਡ ਮੈਮੋਰੀਅਲ ਹਸਪਤਾਲ ਦੇ ਬੁਲਾਰੇ ਤਾਸਾ ਰਿਚਰਡਸਨ ਨੇ ਦੱਸਿਆ ਕਿ ਹਸਪਤਾਲ ਨੇ 206,287 ਡਾਲਰ ਦੇ ਬਕਾਏ ਲਈ ਦਾਅਵੇ ਪੇਸ਼ ਕੀਤੇ ਹਨ ਪਰ ਉਨ੍ਹਾਂ ’ਤੇ ਕਾਰਵਾਈ ਨਹੀਂ ਹੋਈ ਹੈ।

ਰਿਚਰਡਸਨ ਅਨੁਸਾਰ ਹਸਪਤਾਲ ਨੇ ਮਾਰਚ ਤੋਂ ਲੈ ਕੇ ਹੁਣ ਤੱਕ 40 ਗੈਰ-ਕਾਨੂੰਨੀ ਪ੍ਰਵਾਸੀ ਨਾਬਾਲਗਾਂ ਦਾ ਇਲਾਜ ਕੀਤਾ ਹੈ, ਜਦਕਿ ਹੈਲਥ ਅਤੇ ਮਨੁੱਖੀ ਸੇਵਾਵਾਂ ਵਿਭਾਗ (ਐੱਚ. ਐੱਚ. ਐੱਸ.) ਨੇ ਮਿਡਲੈਂਡ ਸ਼ਹਿਰ ’ਚ ਇੱਕ ਐਮਰਜੈਂਸੀ ਸਹੂਲਤ ਵੀ ਖੋਲ੍ਹੀ ਹੋਈ ਹੈ। ਅਗਸਤ ਪਫਲੂਗਰ (ਆਰ-ਟੈਕਸਾਸ) ਅਨੁਸਾਰ, ਇਨ੍ਹਾਂ ਬੱਚਿਆਂ ਦਾ ਇਲਾਜ ਕੋਵਿਡ, ਗਰਭ ਅਵਸਥਾ, ਖੁਦਕੁਸ਼ੀਆਂ ਦੀਆਂ ਕੋਸ਼ਿਸ਼ਾਂ ਅਤੇ ਹੋਰ ਬਹੁਤ ਸਾਰੇ ਮੁੱਦਿਆਂ ਲਈ ਕੀਤਾ ਗਿਆ ਸੀ। ਅਗਸਤ ਨੇ ਕਿਹਾ ਹੈ ਕਿ ਉਹ ਮਿਡਲੈਂਡ ਮੈਮੋਰੀਅਲ ਹਸਪਤਾਲ ਨੂੰ ਪੂਰਾ ਭੁਗਤਾਨ ਕਰਨ ਲਈ ਅਪੀਲ ਕਰੇਗਾ। ਇਸ ਸਾਲ ਮਾਰਚ ਅਤੇ ਅਪ੍ਰੈਲ ਮਹੀਨੇ ਸਰਹੱਦੀ ਏਜੰਟਾਂ ਲਈ ਗੈਰ-ਕਾਨੂੰਨੀ ਬੱਚਿਆਂ ਨਾਲ ਸਾਹਮਣਾ ਕਰਨ ਲਈ ਬਹੁਤ ਰੁਝੇਵੇਂ ਵਾਲੇ ਰਹੇ ਹਨ।


Manoj

Content Editor

Related News