ਅਮਰੀਕਾ-ਤਾਲਿਬਾਨ 29 ਫਰਵਰੀ ਨੂੰ ਕਰਨਗੇ ਸ਼ਾਂਤੀ ਸਮਝੌਤੇ ''ਤੇ ਦਸਤਖਤ
Sunday, Feb 16, 2020 - 01:02 PM (IST)

ਵਾਸ਼ਿੰਗਟਨ (ਬਿਊਰੋ): ਅਮਰੀਕਾ ਅਤੇ ਤਾਲਿਬਾਨ ਵਿਚਾਲੇ ਸ਼ਾਂਤੀ ਸਮਝੌਤੇ ਨੂੰ ਲੈ ਕੇ ਸਹਿਮਤੀ ਬਣ ਗਈ ਹੈ। ਦੋਵੇਂ ਪੱਖ 29 ਫਰਵਰੀ ਨੂੰ ਸਮਝੌਤੇ 'ਤੇ ਦਸਤਖਤ ਕਰਨ ਜਾ ਰਹੇ ਹਨ। ਇਸ ਨਾਲ ਅਫਗਾਨਿਸਤਾਨ ਵਿਚ 19 ਸਾਲ ਤੋਂ ਜਾਰੀ ਖੂਨੀ ਸੰਘਰਸ਼ ਦੇ ਖਤਮ ਹੋਣ ਦੀ ਸੰਭਾਵਨਾ ਵੱਧ ਗਈ ਹੈ। ਇਸ ਸਮਝੌਤੇ ਵਿਚ ਹਫਤੇ ਭਰ ਦੀ ਜੰਗਬੰਦੀ, ਸਾਰੇ ਅਮਰੀਕੀ ਫੌਜੀਆਂ ਦੀ ਵਾਪਸੀ ਅਤੇ ਅਫਗਾਨ ਸਰਕਾਰ ਦੇ ਨਾਲ ਸ਼ਾਂਤੀ ਵਾਰਤਾ ਸ਼ੁਰੂ ਕਰਨ ਦੀ ਯੋਜਨਾ ਵੀ ਸ਼ਾਮਲ ਕੀਤੀ ਗਈ ਹੈ। ਅਫਗਾਨਿਸਤਾਨ ਵਿਚ ਅਮਰੀਕਾ ਦੇ ਹਾਲੇ ਕਰੀਬ 11 ਹਜ਼ਾਰ ਜਵਾਨ ਹਨ।
ਅਮਰੀਕਾ ਅਤੇ ਤਾਲਿਬਾਨ ਦੀ ਸ਼ਾਂਤੀ ਵਾਰਤਾ ਵਿਚ ਸ਼ਾਮਲ ਸੂਤਰਾਂ ਨੇ ਦੱਸਿਆ ਕਿ ਦੋਹਾਂ ਪੱਖਾਂ ਵਿਚ 29 ਫਰਵਰੀ ਨੂੰ ਦਸਤਖਤ ਕਰਨ 'ਤੇ ਸਹਿਮਤੀ ਬਣੀ ਹੈ। ਇਸ ਸਮਝੌਤੇ ਲਈ ਟਰੰਪ ਪ੍ਰਸ਼ਾਸਨ ਲੰਬੇ ਸਮੇਂ ਤੋਂ ਤਾਲਿਬਾਨ ਦੇ ਨਾਲ ਗੱਲਬਾਤ ਕਰ ਰਿਹਾ ਹੈ। ਇਕ ਸੂਤਰ ਨੇ ਕਿਹਾ,''ਦੋਵੇਂ ਪੱਖ ਇਸ ਗੱਲ ਨੂੰ ਪਰਿਭਾਸ਼ਿਤ ਕਰਨ ਵਿਚ ਸਫਲ ਹੋਏ ਕਿ ਹਿੰਸਾ ਵਿਚ ਕਮੀ ਲਿਆਉਣਾ ਲਾਜ਼ਮੀ ਹੋਵੇਗਾ।''
ਤਾਲਿਬਾਨ ਦੇ ਵਿਰੋਧ ਕਾਰਨ ਇਸ ਸ਼ਾਂਤੀ ਵਾਰਤਾ ਵਿਚ ਅਫਗਾਨ ਸਰਕਾਰ ਨੂੰ ਸ਼ਾਮਲ ਨਹੀਂ ਕੀਤਾ ਗਿਆ। ਤਾਲਿਬਾਨ, ਅਫਗਾਨ ਸਰਕਾਰ ਨੂੰ ਅਮਰੀਕਾ ਦੀ ਕਠਪੁਤਲੀ ਮੰਨਦਾ ਹੈ। ਅਮਰੀਕਾ ਵਿਚ 2016 ਦੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਟਰੰਪ ਨੇ ਇਹ ਵਾਅਦਾ ਕੀਤਾ ਸੀ ਕਿ ਉਹ ਯੁੱਧ ਨੂੰ ਖਤਮ ਕਰਨਗੇ ਅਤੇ ਅਮਰੀਕੀ ਫੌਜੀਆਂ ਨੂੰ ਵਾਪਸ ਲਿਆਉਣਗੇ।