ਭਾਰਤੀ ਅਮਰੀਕੀ ਸਾਂਸਦ ਨੇ ਕਸ਼ਮੀਰ ਮਾਮਲੇ ''ਤੇ ਪੇਸ਼ ਕੀਤਾ ਪ੍ਰਸਤਾਵ

Sunday, Dec 08, 2019 - 12:03 PM (IST)

ਭਾਰਤੀ ਅਮਰੀਕੀ ਸਾਂਸਦ ਨੇ ਕਸ਼ਮੀਰ ਮਾਮਲੇ ''ਤੇ ਪੇਸ਼ ਕੀਤਾ ਪ੍ਰਸਤਾਵ

ਵਾਸ਼ਿੰਗਟਨ (ਭਾਸ਼ਾ): ਭਾਰਤੀ ਅਮਰੀਕੀ ਸਾਂਸਦ ਪ੍ਰਮਿਲਾ ਜੈਪਾਲ ਨੇ ਅਮਰੀਕੀ ਸੰਸਦ ਵਿਚ ਜੰਮੂ-ਕਸ਼ਮੀਰ 'ਤੇ ਇਕ ਪ੍ਰਸਤਾਵ ਪੇਸ਼ ਕੀਤਾ। ਇਸ ਦੇ ਨਾਲ ਹੀ ਭਾਰਤ ਨੂੰ ਉੱਥੇ ਲਗਾਈਆਂ ਗਈਆਂ ਸੰਚਾਰ ਪਾਬੰਦੀਆਂ ਨੂੰ ਜਲਦੀ ਤੋਂ ਜਲਦੀ ਹਟਾਉਣ ਅਤੇ ਸਾਰੇ ਵਸਨੀਕਾਂ ਦੀ ਧਾਰਮਿਕ ਆਜ਼ਾਦੀ ਸੁਰੱਖਿਅਤ ਰੱਖੇ ਜਾਣ ਦੀ ਅਪੀਲ ਕੀਤੀ। ਜੈਪਾਲ ਵੱਲੋਂ ਕਈ ਹਫਤੇ ਦੀਆਂ ਕੋਸ਼ਿਸ਼ਾਂ ਦੇ ਬਾਅਦ ਪ੍ਰਤੀਨਿਧੀ ਸਭਾ ਵਿਚ ਪੇਸ਼ ਕੀਤੇ ਗਏ ਇਸ ਪ੍ਰਸਤਾਵ ਨੂੰ ਕੰਸਾਸ ਦੇ ਰੀਪਬਲਿਕਨ ਸਾਂਸਦ ਸਟੀਵ ਵਾਟਕਿੰਸ ਦੇ ਰੂਪ ਵਿਚ ਸਿਰਫ ਇਕ ਮੈਂਬਰ ਦਾ ਸਮਰਥਨ ਹਾਸਲ ਹੈ। 

ਇਹ ਸਿਰਫ ਇਕ ਪ੍ਰਸਤਾਵ ਹੈ ਜਿਸ 'ਤੇ ਦੂਜੇ ਸਦਨ ਵਿਚ ਵੋਟ ਨਹੀਂ ਕੀਤੀ ਜਾ ਸਕਦੀ ਅਤੇ ਇਹ ਕਾਨੂੰਨ ਨਹੀਂ ਬਣੇਗਾ। ਪ੍ਰਸਤਾਵ ਵਿਚ ਭਾਰਤ ਨੂੰ ਪੂਰੇ ਜੰਮੂ-ਕਸ਼ਮੀਰ ਵਿਚ ਸੰਚਾਰ ਸੇਵਾਵਾਂ 'ਤੇ ਲੱਗੀਆਂ ਪਾਬੰਦੀਆਂ ਨੂੰ ਹਟਾਉਣ ਅਤੇ ਇੰਟਰਨੈੱਟ ਸੇਵਾਵਾਂ ਦੀ ਬਹਾਲੀ ਲਈ ਅਪੀਲ ਕੀਤੀ ਗਈ ਹੈ। ਭਾਰਤ ਸਰਕਾਰ ਦੇ 5 ਅਗਸਤ ਨੂੰ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਵਾਲੀ ਧਾਰਾ 370 ਨੂੰ ਹਟਾਉਣ ਅਤੇ ਉਸ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਐਲਾਨਣ ਦੇ ਬਾਅਦ ਤੋਂ ਹੀ ਉੱਥੇ ਕਈ ਪਾਬੰਦੀਆਂ ਲੱਗੀਆਂ ਹੋਈਆਂ ਹਨ। 

ਇਸ ਪ੍ਰਸਤਾਵ ਨੂੰ ਪੇਸ਼ ਕੀਤੇ ਜਾਣ ਤੋਂ ਪਹਿਲਾਂ ਅਮਰੀਕਾ ਭਰ ਤੋਂ ਭਾਰਤੀ ਮੂਲ ਦੇ ਅਮਰੀਕੀਆਂ ਨੇ ਵਿਭਿੰਨ ਮੰਚਾਂ ਤੋਂ ਇਸ ਦਾ ਵਿਰੋਧ ਕੀਤਾ ਸੀ। ਸਮਝਿਆ ਜਾਂਦਾ ਹੈ ਕਿ ਉਨ੍ਹਾਂ ਦੇ ਦਫਤਰ ਨੂੰ ਇਸ ਪ੍ਰਸਤਾਵ ਨੂੰ ਪੇਸ਼ ਨਾ ਕਰਨ ਲਈ ਭਾਰਤੀ ਅਮਰੀਕੀਆਂ ਦੇ 25 ਹਜ਼ਾਰ ਤੋਂ ਵੱਧ ਈਮੇਲ ਪ੍ਰਾਪਤ ਹੋਏ। ਭਾਰਤੀ ਅਮਰੀਕੀਆਂ ਨੇ ਕਸ਼ਮੀਰ 'ਤੇ ਪ੍ਰਸਤਾਵ ਪੇਸ਼ ਕਰਨ ਦੇ ਉਨ੍ਹਾਂ ਦੇ ਕਦਮ ਦੇ ਵਿਰੁੱਧ ਦਫਤਰ ਦੇ ਬਾਹਰ ਸ਼ਾਂਤੀਪੂਰਨ ਤਰੀਕੇ ਨਾਲ ਪ੍ਰਦਰਸ਼ਨ ਵੀ ਕੀਤਾ।


author

Vandana

Content Editor

Related News