ਅਮਰੀਕਾ : ਪੁਲਸ ਨੇ ਜ਼ਬਤ ਕੀਤੇ ਤਰਬੂਜ਼ਾਂ ''ਚ ਲੁਕੋਏ ਲੱਖਾਂ ਡਾਲਰ ਦੇ ਨਸ਼ੀਲੇ ਪਦਾਰਥ
Wednesday, May 26, 2021 - 09:31 AM (IST)
ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਅਮਰੀਕਾ ਵਿੱਚ ਬਾਰਡਰ ਪੁਲਸ ਵੱਲੋਂ ਕਾਰਵਾਈ ਕਰਦਿਆਂ ਆਏ ਦਿਨ ਨਸ਼ੀਲੇ ਪਦਾਰਥਾਂ ਨੂੰ ਜ਼ਬਤ ਕਰਕੇ ਦੇਸ਼ ਦੀਆਂ ਗਲੀਆਂ ਵਿੱਚ ਵਰਤੇ ਜਾਣ ਤੋਂ ਰੋਕਿਆ ਜਾਂਦਾ ਹੈ। ਇਸ ਤਰ੍ਹਾਂ ਦੀ ਹੀ ਇੱਕ ਕਾਰਵਾਈ ਵਿੱਚ ਕੈਲੀਫੋਰਨੀਆ ਵਿੱਚ ਬਾਰਡਰ ਪੁਲਸ ਦੁਆਰਾ ਤਰਬੂਜ਼ਾਂ ਵਿੱਚ ਲੁਕੋ ਕੇ ਤਸਕਰੀ ਕੀਤੇ ਜਾ ਰਹੇ ਲੱਖਾਂ ਡਾਲਰ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਹਨ।
ਆਪਣੀ ਇਸ ਸਫਲਤਾ ਬਾਰੇ ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਹਫਤੇ ਕੈਲੀਫੋਰਨੀਆ 'ਚ ਤਰਬੂਜ਼ਾਂ ਦੇ ਟ੍ਰੇਲਰ ਵਿੱਚ ਲੁਕੋਏ ਹੋਏ 1,100 ਪੌਂਡ ਤੋਂ ਜ਼ਿਆਦਾ ਮੀਥਾਮੇਟਾਮਾਈਨ ਨਾਮਕ ਪਦਾਰਥ ਨੂੰ ਅਮਰੀਕਾ ਦੇ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ (ਸੀ ਬੀ ਪੀ) ਅਫਸਰਾਂ ਨੇ ਜ਼ਬਤ ਕੀਤਾ ਹੈ। ਸੀ ਬੀ ਪੀ ਨੇ ਇਸ ਸੰਬੰਧੀ ਸ਼ੁੱਕਰਵਾਰ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਨਸ਼ਿਆਂ ਦੀ ਇਸ ਖੇਪ ਦਾ ਪਰਦਾਫਾਸ਼ ਪਿਛਲੇ ਮੰਗਲਵਾਰ ਨੂੰ ਓਟੈ ਮੇਸਾ ਪੋਰਟ ਆਫ ਐਂਟਰੀ 'ਤੇ ਅਧਿਕਾਰੀਆਂ ਦੁਆਰਾ ਇੱਕ 47 ਸਾਲਾ ਮੈਕਸੀਕਨ ਨਾਗਰਿਕ ਦੇ ਟਰਾਲੇ ਨੂੰ ਰੋਕਣ ਦੌਰਾਨ ਕੀਤਾ ਗਿਆ।
ਪੜ੍ਹੋ ਇਹ ਅਹਿਮ ਖਬਰ-ਕੋਵਿਡ-19 : ਆਸਟ੍ਰੀਆ ਨੇ ਬ੍ਰਿਟੇਨ ਤੋਂ ਆਉਣ ਵਾਲੀਆਂ ਉਡਾਣਾਂ 'ਤੇ ਲਾਈ ਪਾਬੰਦੀ
ਇਸ ਟਰਾਲੇ ਦੀ ਜਾਂਚ ਦੌਰਾਨ ਸੀ ਬੀ ਪੀ ਅਧਿਕਾਰੀਆਂ ਨੂੰ ਤਰਬੂਜ਼ ਦੇ ਬਕਸਿਆਂ ਵਿੱਚ ਲਪੇਟ ਕੇ ਰੱਖਿਆ ਹੋਇਆ ਮੀਥਾਮੇਟਾਮਾਈਨ ਨਸ਼ੀਲਾ ਪਦਾਰਥ ਮਿਲਿਆ। ਇਸ ਕਾਰਵਾਈ ਵਿੱਚ ਅਧਿਕਾਰੀਆਂ ਨੂੰ ਡਰੱਗ ਦੇ 193 ਕੰਟੇਨਰ ਮਿਲੇ ਅਤੇ ਫੋਰਸ ਦਾ ਅਨੁਮਾਨ ਹੈ ਕਿ ਜ਼ਬਤ ਕੀਤੀ ਡਰੱਗ ਦੀ ਸਟ੍ਰੀਟ ਕੀਮਤ ਲੱਗਭਗ 2.5 ਮਿਲੀਅਨ ਡਾਲਰ ਹੈ। ਇਸ ਟਰੱਕ ਦੇ ਡਰਾਈਵਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜੋ ਕਿ ਨਸ਼ੇ ਤਸਕਰੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ।
ਨੋਟ- ਪੁਲਸ ਨੇ ਜ਼ਬਤ ਕੀਤੇ ਤਰਬੂਜ਼ਾਂ 'ਚ ਲੁਕੋਏ ਲੱਖਾਂ ਡਾਲਰ ਦੇ ਨਸ਼ੀਲੇ ਪਦਾਰਥ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।