ਅਮਰੀਕਾ ਨੇ ਪਾਕਿ ਪੁਲਸ ਅਧਿਕਾਰੀ ਨੂੰ ਕੀਤਾ ਬਲੈਕਲਿਸਟ

12/11/2019 10:12:20 AM

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਨੇ ਰਿਟਾਇਰਡ ਪਾਕਿਸਤਾਨੀ ਪੁਲਸ ਅਧਿਕਾਰੀ ਰਾਵ ਅਨਵਰ ਅਹਿਮਦ ਖਾਨ ਨੂੰ ਮਨੁੱਖੀ ਅਧਿਕਾਰਾਂ ਦੀ ਗੰਭੀਰ ਉਲੰਘਣਾ ਦੇ ਮਾਮਲੇ ਵਿਚ ਕਾਲੀ ਸੂਚੀ ਵਿਚ (blacklist) ਪਾ ਦਿੱਤਾ ਹੈ। ਅਮਰੀਕੀ ਵਿੱਤ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ। ਪਾਕਿਸਤਾਨ ਦੇ ਸਿੰਧ ਸੂਬੇ ਦੇ ਮਲਿਰ ਜ਼ਿਲੇ ਵਿਚ ਸੀਨੀਅਰ ਪੁਲਸ ਸੁਪਰਡੈਂਟ ਦੇ ਰੂਪ ਵਿਚ ਆਪਣੀ ਸੇਵਾ ਦੇ ਚੁੱਕੇ ਐਨਕਾਊਂਟਰ ਮਾਹਰ 'ਤੇ ਗੈਰ ਕਾਨੂੰਨੀ ਹੱਤਿਆਵਾਂ ਕਰਨ ਦਾ ਦੋਸ਼ ਹੈ। ਵਿੱਤ ਮੰਤਰਾਲੇ ਨੇ ਕਿਹਾ,''ਮਲਿਰ ਵਿਚ ਐੱਸ.ਐੱਸ.ਪੀ. ਦੇ ਤੌਰ 'ਤੇ ਆਪਣੇ ਕਾਰਜਕਾਲ ਵਿਚ ਅਨਵਰ ਲਗਾਤਾਰ ਫਰਜ਼ੀ ਪੁਲਸ ਐਨਕਾਊਂਟਰਾਂ ਨੂੰ ਅੰਜਾਮ ਦੇਣ ਲਈ ਜ਼ਿੰਮੇਵਾਰ ਹਨ, ਜਿਹਨਾਂ ਵਿਚ ਕਈ ਲੋਕ ਮਾਰੇ ਗਏ।'' ਉਸ 'ਤੇ ਵਸੂਲੀ, ਭੂਮੀ-ਕਬਜ਼ਾ, ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਹੱਤਿਆ ਦਾ ਵੀ ਦੋਸ਼ ਹੈ। 

ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਪੱਤਰਕਾਰਾਂ ਨੂੰ ਕਿਹਾ,''ਅਨਵਰ ਨੇ ਮਲਿਰ ਜ਼ਿਲੇ ਵਿਚ 190 ਤੋਂ ਵੱਧ ਐਨਕਾਊਂਟਰਾਂ ਨੂੰ ਅੰਜਾਮ ਦਿੱਤਾ,ਜਿਹਨਾਂ ਵਿਚ 400 ਤੋਂ ਵੱਧ ਲੋਕ ਮਾਰੇ ਗਏ ਸਨ।'' ਇਹਨਾਂ ਵਿਚੋਂ ਜ਼ਿਆਦਾਤਰ ਗੈਰ ਕਾਨੂੰਨੀ ਹੱਤਿਆਵਾਂ ਸਨ।'' ਅਧਿਕਾਰੀ ਨੇ ਕਿਹਾ,''ਅਨਵਰ ਪੁਲਸ ਅਤੇ ਅਪਰਾਧਾਂ ਤੇ ਠੱਗਾਂ ਦੇ ਨੈੱਟਵਰਕ ਦਾ ਵੀ ਮੁਖੀ ਸੀ ਜੋ ਵਸੂਲੀ, ਭੂਮੀ-ਕਬਜ਼ਾ, ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਹੱਤਿਆ ਕਰਨ ਜਿਹੇ ਅਪਰਾਧਾਂ ਵਿਚ ਸ਼ਾਮਲ ਸੀ।'' ਅਮਰੀਕਾ ਦੇ ਇਸ ਕਦਮ ਦਾ ਪਾਕਿਸਤਾਨ ਨੇ ਸਵਾਗਤ ਕੀਤਾ ਹੈ।

'ਵੋਇਸ ਆਫ ਕਰਾਚੀ' ਦੇ ਪ੍ਰਮੁੱਖ ਨਦੀਮ ਨੁਸਰਤ ਨੇ ਅਮਰੀਕੀ ਵਿੱਤ ਮੰਤਰਾਲੇ ਦੇ ਫੈਸਲੇ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਗਲੋਬਲ ਪੱਧਰ 'ਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਨ ਦੀ ਦਿਸ਼ਾ ਵਿਚ ਇਹ ਇਤਿਹਾਸਿਕ ਕਦਮ ਹੈ। ਨੁਸਰਤ ਨੇ ਕਿਹਾ,''ਵੋਇਸ ਆਫ ਕਰਾਚੀ ਦੀ ਆਪਣੀ ਟੀਮ ਅਤੇ ਸ਼ਹਿਰੀ ਸਿੰਧ ਵਿਚ ਰਹਿਣ ਵਾਲੇ 4 ਕਰੋੜ ਲੋਕਾਂ ਵੱਲੋਂ ਮੈਂ ਗਲੋਬਲ ਪੱਧਰ 'ਤੇ ਮਨੁੱਖੀ ਅਧਿਕਾਰਾਂ ਦੇ ਘਾਣ ਵਿਚ ਸ਼ਾਮਲ ਰਾਵ ਅਨਵਰ ਅਤੇ ਹੋਰਾਂ ਦੇ ਵਿਰੁੱਧ ਅਮਰੀਕੀ ਵਿੱਤ ਮੰਤਰਾਲੇ ਦੇ ਕਦਮ ਦਾ ਸਵਾਗਤ ਕਰਦਾ ਹਾਂ।''


Vandana

Content Editor

Related News