ਅਮਰੀਕਾ ''ਚ ਪਾਕਿ ਨਾਗਰਿਕ ਨੂੰ 7 ਸਾਲ ਕੈਦ ਦੀ ਸਜ਼ਾ
Sunday, Dec 02, 2018 - 03:33 PM (IST)

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਵਿਚ ਇਕ ਪਾਕਿਸਤਾਨੀ ਵਿਅਕਤੀ ਨੂੰ ਅਲਕਾਇਦਾ ਨਾਲ ਜੁੜੇ ਅੱਤਵਾਦੀ ਸੰਗਠਨ ਜ਼ਬਹਾਤ ਅਲ-ਨੁਸਰਾ ਨੂੰ ਮਦਦ, ਸਮਰਥਨ ਅਤੇ ਸਰੋਤ ਪਹੁੰਚਾਉਣ ਦੀ ਕੋਸ਼ਿਸ਼ ਦੇ ਦੋਸ਼ ਵਿਚ 7 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉੱਤਰੀ ਕੈਰੋਲੀਨਾ ਦੇ ਰਹਿਣ ਵਾਲੇ 39 ਸਾਲਾ ਬਾਸਿਤ ਜਾਵੇਦ ਸ਼ੇਖ ਨੂੰ ਨਿਗਰਾਨੀ ਵਿਚ ਰੱਖੇ ਜਾਣ ਦੇ ਬਾਅਦ 84 ਮਹੀਨਿਆਂ ਦੀ ਸਜ਼ਾ ਸੁਣਾਈ ਗਈ ਹੈ। ਸ਼ੇਖ ਨੇ ਇਸੇ ਸਾਲ ਅਗਸਤ ਵਿਚ ਆਪਣਾ ਜ਼ੁਰਮ ਸਵੀਕਾਰ ਕਰ ਲਿਆ ਸੀ। ਬਾਸਿਤ ਦਾ ਜਨਮ ਅਮਰੀਕਾ ਵਿਚ ਨਹੀਂ ਹੋਇਆ ਹੈ ਲਿਹਾਜਾ ਉਸ ਨੂੰ ਅਮਰੀਕਾ ਤੋਂ ਬਾਹਰ ਰੱਖਿਆ ਜਾ ਸਕਦਾ ਹੈ।
ਬਾਸਿਤ ਕਈ ਸਾਲਾਂ ਤੋਂ ਕਾਨੂੰਨੀ ਸਥਾਈ ਨਿਵਾਸੀ ਦੇ ਤੌਰ 'ਤੇ ਅਮਰੀਕਾ ਵਿਚ ਰਹਿ ਰਿਹਾ ਹੈ। ਇਸਤਗਾਸਾ ਦੇ ਹਲਫਨਾਮੇ ਵਿਚ ਸਾਲ 2013 ਵਿਚ ਬਾਸਿਤ ਦੀਆਂ ਕਈ ਫੇਸਬੁੱਕ ਪੋਸਟਾਂ ਦਾ ਜ਼ਿਕਰ ਕੀਤਾ ਗਿਆ ਹੈ ਜੋ ਉਸ ਦੇ ਜ਼ਬਹਾਤ ਅਲ-ਨੁਸਰਾ ਦੇ ਪ੍ਰਤੀ ਸਮਰਥਨ ਨੂੰ ਦਰਸਾਉਂਦੀਆਂ ਹਨ। ਪੋਸਟ ਕਰਦਿਆਂ ਬਾਸਿਤ ਨੂੰ ਇਹ ਪਤਾ ਸੀ ਕਿ ਅਮਰੀਕਾ ਜ਼ਬਹਾਤ ਅਲ-ਨੁਸਰਾ ਨੂੰ ਅੱਤਵਾਦੀ ਸੰਗਠਨ ਦੇ ਰੂਪ ਵਿਚ ਨਾਮਜ਼ਦ ਕਰ ਚੁੱਕਾ ਹੈ। ਅਮਰੀਕਾ ਦੇ ਉੱਤਰੀ ਕੈਰੋਲੀਨਾ ਦੇ ਅਟਾਰਨੀ ਦਫਤਰ ਨੇ ਕਿਹਾ ਕਿ ਹਲਫਨਾਮੇ ਵਿਚ ਦਿੱਤੀ ਗਈ ਜਾਣਕਾਰੀ ਮੁਤਾਬਕ ਸ਼ੇਖ ਨੇ ਫੇਸਬੁੱਕ ਦੀ ਵਰਤੋਂ ਇਸਲਾਮੀ ਅੱਤਵਾਦੀ ਦੀ ਹਿੰਸਕ ਵਿਚਾਰਧਾਰਾ ਦੇ ਪ੍ਰਚਾਰ ਲਈ ਕੀਤਾ। ਸ਼ੇਖ ਇਕ ਵਿਅਕਤੀ ਨੂੰ ਜ਼ਬਹਾਤ ਅਲ-ਨੁਸਰਾ ਦਾ ਮੈਂਬਰ ਸਮਝ ਕੇ ਉਸ ਕੋਲ ਗਿਆ ਸੀ ਅਤੇ ਉਸ ਨੂੰ 'ਮੁਜਾਹਿਦੀਨ' ਨੂੰ ਕਿਸੇ ਵੀ ਤਰ੍ਹਾਂ ਦੀ ਮਦਦ ਦੇਣ ਲਈ ਸੀਰੀਆ ਜਾਣ ਦੀ ਇੱਛਾ ਜ਼ਾਹਰ ਕੀਤੀ ਸੀ।