MHA ਦੀ ਢਿੱਲ ਤੋਂ ਬਾਅਦ ਆਪਣੇ ਨਾਗਰਿਕਾਂ ਦੀ ਨਿਕਾਸੀ ਲਈ ਪੱਬਾਂ ਭਾਰ ਅਮਰੀਕਾ

04/04/2020 5:41:25 PM

ਨਵੀਂ ਦਿੱਲੀ-  22 ਮਾਰਚ ਨੂੰ ਭਾਰਤ ਵਲੋਂ ਸਾਰੀਆਂ ਵਪਾਰਕ ਅੰਤਰਰਾਸ਼ਟਰੀ ਉਡਾਣਾਂ 'ਤੇ ਰੋਕ ਤੋਂ ਬਾਅਦ ਕਈ ਅਮਰੀਕੀ ਪਰਿਵਾਰ, ਸੈਲਾਨੀ, ਪੇਸ਼ੇਵਰ, ਵਪਾਰੀ ਤੇ ਹੋਰ ਇਥੇ ਹੀ ਫਸ ਗਏ ਸਨ। ਇਸ ਹਫਤੇ ਭਾਰਤੀ ਗ੍ਰਹਿ ਮੰਤਰਾਲਾ ਵਲੋਂ ਸਪੈਸ਼ਲ ਆਪ੍ਰੇਸ਼ਨਲ ਫਲਾਈਟਾਂ ਨੂੰ ਮਨਜ਼ੂਰੀ ਤੋਂ ਬਾਅਦ ਅਮਰੀਕਾ ਸਣੇ ਕਈ ਦੇਸ਼ਾਂ ਨੇ ਆਪਣੇ ਨਾਗਰਿਕਾਂ ਨੂੰ ਜਲਦੀ ਤੋਂ ਜਲਦੀ ਭਾਰਤ ਵਿਚੋਂ ਕੱਢਣ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ।

ਵੀਰਵਾਰ ਨੂੰ ਗ੍ਰਹਿ ਮੰਤਰਾਲਾ ਦੇ ਨਿਰਦੇਸ਼ਾਂ ਮੁਤਾਬਕ ਦੇਸ਼ ਵਿਚ ਫਸੇ ਵਿਦੇਸ਼ੀ ਨਾਗਰਿਕਾਂ ਨੂੰ ਉਹਨਾਂ ਦੇ ਦੇਸ਼ ਘੱਲਣ ਵਿਚ ਤੇਜ਼ੀ ਲਿਆਂਦੀ ਜਾਵੇਗੀ। ਅਮਰੀਕਾ ਨੇ ਇਸ ਹਫਤੇ ਦੀ ਸ਼ੁਰੂਆਤ ਵਿਚ ਆਪਣੇ ਸਪੈਸ਼ਲ ਚਾਰਟਰ ਰਾਹੀਂ ਅਮਰੀਕੀ ਨਾਗਰਿਕਾਂ ਦੀ ਪਹਿਲੀ ਨਿਕਾਸੀ ਕਰਵਾਈ ਸੀ ਤੇ ਹਫਤੇ ਦੇ ਅਖੀਰ ਤੱਕ ਹੋਰ ਫਲਾਈਟਾਂ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ। ਕੁਝ ਅੰਦਾਜ਼ਿਆਂ ਮੁਤਾਬਕ ਭਾਰਤ ਵਿਚ ਤਕਰੀਬਨ 10 ਹਜ਼ਾਰ ਅਮਰੀਕੀ ਮੌਜੂਦ ਹਨ। ਪਿਛਲੇ ਦੋ ਹਫਤਿਆਂ ਦੌਰਾਨ ਇਜ਼ਰਾਇਲ, ਜਾਪਾਨ, ਰੂਸ, ਯੂਕ੍ਰੇਨ, ਅਰਮੇਨੀਆ, ਜਰਮਨੀ, ਇਟਲੀ, ਫਰਾਂਸ, ਆਸਟਰੀਆ, ਬੁਲਗਾਰੀਆ, ਲਿਥੁਆਨੀਆ, ਪੋਲੈਂਡ, ਚੈੱਕ ਗਣਰਾਜ, ਹੰਗਰੀ, ਮਲੇਸ਼ੀਆ, ਅਫਗਾਨਿਸਤਾਨ, ਭੂਟਾਨ ਅਤੇ ਨੇਪਾਲ ਨੇ ਵਿਸ਼ੇਸ਼ ਫਲਾਈਟਾਂ ਰਾਹੀਂ ਆਪਣੇ 10,000 ਨਾਗਰਿਕਾਂ ਨੂੰ ਭਾਰਤ ਵਿਚੋਂ ਬਾਹਰ ਕੱਢਿਆ ਹੈ। 

ਇਸ ਵੇਲੇ ਵੱਖ-ਵੱਖ ਦੇਸ਼ਾਂ ਦੀਆਂ ਅੰਬੈਸੀਆਂ ਭਾਰਤ ਦੇ ਵਿਦੇਸ਼ ਮਾਮਲਿਆਂ ਦੇ ਮੰਤਰਾਲਾ ਨਾਲ ਸੰਪਰਕ ਵਿਚ ਹਨ ਤੇ ਅਗਲੇ ਕੁਝ ਹਫਤਿਆਂ ਦੌਰਾਨ ਹੋਰ ਸਪੈਸ਼ਲ ਉਡਾਣਾਂ ਦਾ ਪ੍ਰਬੰਧ ਕੀਤੇ ਜਾਣ ਦੀ ਉਮੀਦ ਹੈ। ਰੂਸ ਨੇ ਬੀਤੇ ਹਫਤੇ ਤੋਂ ਚਾਰ ਵਿਸ਼ੇਸ਼ ਉਡਾਣਾਂ ਰਾਹੀਂ ਆਪਣੇ 1000 ਤੋਂ ਵਧੇਰੇ ਨਾਗਰਿਕ ਭਾਰਤ ਵਿਚੋਂ ਕੱਢੇ ਹਨ, ਜਿਹਨਾਂ ਵਿਚ ਵਧੇਰੇ ਸੈਲਾਨੀ ਸਨ। ਰੂਸ ਲਈ ਪਹਿਲੀ ਅਜਿਹੀ ਵਿਸ਼ੇਸ਼ ਉਡਾਣ 25 ਮਾਰਚ ਦੀ ਸਵੇਰ ਨੂੰ ਚਲਾਈ ਗਈ ਸੀ। ਇਸ ਤੋਂ ਇਲਾਵਾ ਹੁਣ ਤੱਕ 300 ਤੋਂ ਵਧੇਰੇ ਫ੍ਰੈਂਚ ਨਾਗਰਿਕ, 900 ਜਰਮਨ, 200 ਇਟਾਲੀਅਨ, 1,500 ਇਜ਼ਰਾਇਲੀ ਅਤੇ ਅਫਗਾਨਿਸਤਾਨ ਦੇ 600 ਲੋਕਾਂ ਨੂੰ ਉਹਨਾਂ ਦੇ ਦੇਸ਼ ਸੁਰੱਖਿਅਤ ਪਹੁੰਚਾਇਆ ਜਾ ਚੁੱਕਿਆ ਹੈ।

ਵਿਦੇਸ਼ੀ ਨਾਗਰਿਕਾਂ ਦੀ ਵਿਦੇਸ਼ ਮਾਮਲਿਆਂ ਦਾ ਮੰਤਰਾਲਾ ਬਾਰੀਕੀ ਨਾਲ ਪੜਤਾਲ ਕਰ ਰਿਹਾ ਹੈ। ਗ੍ਰਹਿ ਮੰਤਰਾਲੇ ਨੇ ਵੀਰਵਾਰ ਨੂੰ ਭਾਰਤ ਵਿਚ ਫਸੇ ਵਿਦੇਸ਼ੀ ਨਾਗਰਿਕਾਂ ਨੂੰ ਬਾਹਰ ਕੱਢਣ ਤੇ ਵਿਦੇਸ਼ਾਂ ਤੋਂ ਆਏ ਲੋਕਾਂ ਤੇ ਵੱਖਰਾ ਰਹਿਣ ਵਾਲੇ ਲੋਕਾਂ ਦੀ ਰਿਹਾਈ ਦੇ ਹੁਕਮ ਦਿੱਤੇ ਹਨ। ਅਧਿਕਾਰੀਆਂ ਨੇ ਇਸ ਦੇ ਨਾਲ ਹੀ ਕਿਹਾ ਕਿ ਅਗਲੇਰੀ ਕਾਰਵਾਈ ਕੋਰੋਨਾਵਾਇਰਸ ਦੀ ਨੈਗੇਟਿਵ ਰਿਪੋਰਟ ਤੋਂ ਬਾਅਦ ਸ਼ੁਰੂ ਕੀਤੀ ਜਾਵੇਗੀ। ਇਕ ਸਰਕਾਰੀ ਅਧਿਕਾਰੀ ਨੇ ਕਿਹਾ ਕਿ ਕੋਵਿਡ-19 ਦੇ ਨੈਗੇਟਿਵ ਟੈਸਟ ਤੋਂ ਬਾਅਦ ਵਿਦੇਸ਼ੀ ਲੋਕਾਂ ਨੂੰ ਦੇਸ਼ ਛੱਡਣ ਦੀ ਇਜ਼ਾਜ਼ਤ ਦਿੱਤੀ ਜਾਵੇਗੀ। ਉਸ ਨੇ ਅੱਗੇ ਕਿਹਾ ਕਿ ਸੂਬਾ ਸਰਕਾਰਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਵਿਦੇਸ਼ੀ ਲੋਕਾਂ ਦੀ ਆਵਾਜਾਈ ਦੀ ਸਹੂਲਤ ਲਈ ਹੁਕਮ ਜਾਰੀ ਕੀਤੇ ਗਏ ਹਨ ਤੇ ਗ੍ਰਹਿ ਸਕੱਤਰ ਰੋਜ਼ਾਨਾ ਸਮੀਖਿਆਵਾਂ ਦੌਰਾਨ ਪ੍ਰਕਿਰਿਆ ਦੀ ਨਿਗਰਾਨੀ ਕਰ ਰਹੇ ਹਨ।


Baljit Singh

Content Editor

Related News