ਅਮਰੀਕਾ: ਲੰਬੇ ਅਰਸੇ ਬਾਅਦ ਓਕਲਾਹੋਮਾ ਨੇ ਕੈਦੀ ਨੂੰ ਜ਼ਹਿਰੀਲਾ ਟੀਕਾ ਲਗਾ ਕੇ ਦਿੱਤੀ ਮੌਤ ਦੀ ਸਜ਼ਾ

Saturday, Oct 30, 2021 - 02:47 AM (IST)

ਅਮਰੀਕਾ: ਲੰਬੇ ਅਰਸੇ ਬਾਅਦ ਓਕਲਾਹੋਮਾ ਨੇ ਕੈਦੀ ਨੂੰ ਜ਼ਹਿਰੀਲਾ ਟੀਕਾ ਲਗਾ ਕੇ ਦਿੱਤੀ ਮੌਤ ਦੀ ਸਜ਼ਾ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ) - ਅਮਰੀਕੀ ਸਟੇਟ ਓਕਲਾਹੋਮਾ ਨੇ ਵੀਰਵਾਰ ਨੂੰ ਫਾਂਸੀ 'ਤੇ ਲੱਗੀ ਛੇ ਸਾਲਾਂ ਦੀ ਰੋਕ ਨੂੰ ਖਤਮ ਕਰਕੇ ਇੱਕ ਕੈਦੀ ਨੂੰ ਜ਼ਹਿਰੀਲਾ ਟੀਕਾ ਲਗਾ ਕੇ ਮੌਤ ਦੀ ਸਜ਼ਾ ਦਿੱਤੀ ਹੈ। ਇਸ ਕੈਦੀ ਜੌਹਨ ਮੈਰੀਅਨ ਗ੍ਰਾਂਟ (60) ਦੀ ਮੌਤ ਜ਼ਹਿਰੀਲਾ ਟੀਕਾ ਲੱਗਣ ਤੋਂ ਬਾਅਦ ਹੋ ਗਈ। ਗ੍ਰਾਂਟ ਨੂੰ 13 ਨਵੰਬਰ 1998 ਨੂੰ ਜੇਲ੍ਹ ਗਾਰਡ ਗੇ ਕਾਰਟਰ ਦੀ ਹੱਤਿਆ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਸੀ। ਉਸ ਵੇਲੇ ਗ੍ਰਾਂਟ ਡਕੈਤੀ ਅਤੇ ਗੈਰ-ਕਾਨੂੰਨੀ ਹਥਿਆਰਾਂ ਦੇ ਦੋਸ਼ਾਂ ਲਈ ਸਜ਼ਾ ਭੁਗਤ ਰਹੇ ਸੀ। ਰਿਪੋਰਟਾਂ ਅਨੁਸਾਰ, ਗ੍ਰਾਂਟ ਨੇ ਟੀਕੇ ਲਗਾਏ ਜਾਣ ਤੋਂ ਤੁਰੰਤ ਬਾਅਦ ਉਲਟੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਜਦਕਿ ਗ੍ਰਾਂਟ ਨੇ ਕਈ ਮਿੰਟਾਂ ਤੱਕ ਸਾਹ ਲੈਣਾ ਜਾਰੀ ਰੱਖਿਆ। ਸ਼ਾਮ 4:15 ਵਜੇ ਟੀਮ ਦੁਆਰਾ ਉਸਨੂੰ ਬੇਹੋਸ਼ ਘੋਸ਼ਿਤ ਕੀਤਾ ਗਿਆ ਅਤੇ ਸੁਧਾਰ ਵਿਭਾਗ ਨੇ 4:21 ਵਜੇ ਦੇ ਕਰੀਬ ਉਸਨੂੰ ਮ੍ਰਿਤਕ ਘੋਸ਼ਿਤ ਕੀਤਾ। ਅਟਾਰਨੀ ਸਾਰਾਹ ਜੇਰਨੀਗਨ ਨੇ ਵੀਰਵਾਰ ਨੂੰ ਇੱਕ ਬਿਆਨ ਵਿੱਚ ਦੱਸਿਆ ਕਿ ਜਾਨ ਗ੍ਰਾਂਟ ਨੇ ਗੇ ਕਾਰਟਰ ਦੇ ਕਤਲ ਦੀ ਪੂਰੀ ਜ਼ਿੰਮੇਵਾਰੀ ਲਈ ਹੈ ਪਰ ਗ੍ਰਾਂਟ ਦੇ ਵਕੀਲਾਂ ਨੇ ਦਲੀਲ ਦਿੱਤੀ ਕਿ ਅਪਰਾਧ ਅਤੇ ਗ੍ਰਾਂਟ ਦੇ ਪਰੇਸ਼ਾਨ ਬਚਪਨ ਬਾਰੇ ਮੁੱਖ ਤੱਥ ਕਦੇ ਵੀ ਜਿਊਰੀ ਨੂੰ ਪੇਸ਼ ਨਹੀਂ ਕੀਤੇ ਗਏ ਸਨ। ਸਟੇਟ ਦੇ ਮਾਫੀ ਅਤੇ ਪੈਰੋਲ ਬੋਰਡ ਨੇ ਦੋ ਵਾਰ ਮਾਫੀ ਲਈ ਗ੍ਰਾਂਟ ਦੀ ਬੇਨਤੀ ਨੂੰ ਅਸਵੀਕਾਰ ਕੀਤਾ, ਜਿਸ ਵਿੱਚ ਇਸ ਮਹੀਨੇ ਇੱਕ 3-2 ਵੋਟ ਸ਼ਾਮਲ ਹੈ। ਜਿਸ ਵਿੱਚ ਉਸਦੀ ਜਾਨ ਬਚਾਈ ਜਾਣ ਦੀ ਸਿਫਾਰਸ਼ ਨੂੰ ਰੱਦ ਕੀਤਾ ਗਿਆ ਸੀ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News