ਅਮਰੀਕਾ ''ਚ ਭਾਰਤੀ ਮੂਲ ਦੇ ਡਾਕਟਰ ਪਰਿਵਾਰ ''ਚੋਂ 2 ਮੈਂਬਰਾਂ ਦੀ ਕੋਰੋਨਾ ਨਾਲ ਮੌਤ

06/10/2020 6:03:48 PM

ਵਾਸ਼ਿੰਗਟਨ (ਬਿਊਰੋ): ਅਮਰੀਕਾ ਵਿਚ ਭਾਰਤੀ ਮੂਲ ਦੇ ਡਾਕਟਰਾਂ ਦੇ ਇਕ ਪਰਿਵਾਰ ਨੇ ਕੋਰੋਨਾਵਾਇਰਸ ਕਾਰਨ ਆਪਣੇ 2 ਮਹੱਤਵਪੂਰਣ ਡਾਕਟਰ ਮੈਂਬਰਾਂ ਨੂੰ ਗਵਾ ਦਿੱਤਾ ਹੈ। ਪਿਓ-ਧੀ ਦੀ ਮੌਤ ਨਾਲ ਇਸ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਇਸ ਪਰਿਵਾਰ ਵਿਚ ਮਾਤਾ-ਪਿਤਾ ਅਤੇ 3 ਬੇਟੀਆਂ ਸਮੇਤ 5 ਮੈਂਬਰ ਡਾਕਟਰ ਸਨ। ਹੁਣ ਇਹਨਾਂ ਵਿਚੋਂ ਸਿਰਫ 3 ਮੈਂਬਰ ਹੀ ਬਾਕੀ ਬਚੇ ਹਨ। ਪ੍ਰਿਆ ਖੰਨਾ, ਸਰਜਨ ਪਿਤਾ ਅਤੇ ਬਾਲ ਰੋਗ ਮਾਹਰ ਮਾਂ ਦੀ ਵਿਚਕਾਰਲੀ ਧੀ ਸੀ। ਜਿਹਨਾਂ ਨੇ ਡਾਕਟਰ ਬਣਨ ਤੋਂ ਪਹਿਲਾਂ ਹੋਰ ਖੇਤਰਾਂ ਵਿਚ ਆਪਣੀ ਕਿਸਮਤ ਅਜਮਾਈ ਪਰ ਬਾਅਦ ਵਿਚ ਉਹਨਾਂ ਨੇ ਵੀ ਡਾਕਟਰੀ ਪੇਸ਼ੇ ਨੂੰ ਚੁਣਿਆ।

ਪ੍ਰਿਆ ਦੇ ਮਾਤਾ-ਪਿਤਾ 1970 ਦੇ ਦਹਾਕੇ ਦੇ ਸ਼ੁਰੂ ਵਿਚ ਭਾਰਤ ਤੋਂ ਅਮਰੀਕਾ ਆਏ ਸਨ ਅਤੇ ਉੱਤਰੀ ਨਿਊਜਰਸੀ ਵਿਚ ਵੱਸ ਗਏ ਸਨ। ਪਰਿਵਾਰ ਨੂੰ ਛੱਡ ਗਈ ਡਾਕਟਰ ਪ੍ਰਿਆ ਦੀ ਛੋਟੀ ਭੈਣ ਅਨੀਸ਼ਾ ਖੰਨਾ ਨੇ ਕਿਹਾ,''ਉਹ ਬਹੁਤ ਹੀ ਦਿਆਲੂ ਸੀ। ਉਸ ਨੇ ਕਦੇ ਕਿਸੇ ਦਾ ਦਿਲ ਨਹੀਂ ਦੁਖਾਇਆ। ਜਦੋਂ ਉਹ ਵੱਖਰੇ ਕਰੀਅਰ ਵਿਚ ਗਈ ਤਾਂ ਉਸ ਨੂੰ ਲੱਗਾ ਕਿ ਮੈਡੀਕਲ ਦੇ ਪੇਸ਼ੇ ਨੂੰ ਛੱਡ ਕੇ ਉਸ ਲਈ ਹੋਰ ਕੋਈ ਪੇਸ਼ਾ ਸਹੀ ਨਹੀਂ ਹੈ।'' ਕੋਰੋਨਾਵਾਇਰਸ ਇਨਫੈਕਸ਼ਨ ਦੀ ਚਪੇਟ ਵਿਚ ਆਉਣ ਦੇ ਬਾਅਦ ਪ੍ਰਿਆ ਅਤੇ ਉਸ ਦੇ ਪਿਤਾ ਸਤੇਂਦਰ ਖੰਨਾ ਦੀ ਅਪ੍ਰੈਲ ਮਹੀਨੇ ਵਿਚ ਕੁਝ ਹੀ ਦਿਨਾਂ ਦੇ ਅੰਦਰ ਮੌਤ ਹੋ ਗਈ ਸੀ। ਉਹ ਦੋਵੇਂ ਉਸੇ ਹਸਪਤਾਲ ਵਿਚ ਇਕ-ਦੂਜੇ ਦੇ ਨੇੜੇ ਸਨ ਜਿੱਥੇ ਪ੍ਰਿਆ ਦਾ ਜਨਮ ਹੋਇਆ ਸੀ। 

ਡਾਕਟਰਾਂ ਦੇ ਇਸ ਪਰਿਵਾਰ ਨੇ ਮੈਡੀਕਲ ਸੇਵਾ ਦੇ ਜ਼ਰੀਏ ਆਪਣੀ ਜ਼ਿੰਦਗੀ ਵਿਚ ਕਈ ਲੋਕਾਂ ਦੀਆਂ ਜਾਨਾਂ ਬਚਾਈਆਂ। ਅਨੀਸ਼ਾ ਖੰਨਾ ਅਤੇ ਉਸ ਦੀ ਮਾਂ ਕਮਲੇਸ਼ ਖੰਨਾ ਨਿਊਜਰਸੀ ਦੇ ਗਲੇਨ ਰਿਜ ਵਿਚ ਬਾਲ ਰੋਗ ਮਾਹਰ ਦੇ ਰੂਪ ਵਿਚ ਕੰਮ ਕਰਦੀਆਂ ਹਨ। ਪਰਿਵਾਰ ਦੀ ਸਭ ਤੋਂ ਵੱਡੀ ਬੇਟੀ ਸੁਗੰਧਾ ਖੰਨਾ ਮੈਰੀਲੈਂਡ ਵਿਚ ਰਹਿੰਦੀ ਹੈ ਅਤੇ ਉਹ ਐਮਰਜੈਂਸੀ  ਰੂਮ ਵਿਚ ਡਾਕਟਰ ਹੈ। ਸਤੇਂਦਰ ਖੰਨਾ ਇਕ ਵੱਡੇ ਸਰਜਨ ਸਨ ਅਤੇ ਨਿਊਜਰਸੀ ਵਿਚ ਲੈਪ੍ਰੋਸਕੋਪਿਕ ਸਰਜਰੀ ਕਰਨ ਵਾਲੇ ਪਹਿਲਾਂ ਸਰਜਨਾਂ ਵਿਚੋਂ ਇਕ ਸਨ। ਪਰਿਵਾਰ ਦੇ ਪ੍ਰਭਾਵ ਦਾ ਅਨੁਮਾਨ ਇਸੇ ਗੱਲ ਨਾਲ ਲਗਾਇਆ ਜਾ ਸਕਦਾ ਹੈਕਿ ਪ੍ਰਿਆ ਦੇ ਆਖਰੀ ਦਿਨਾਂ ਵਿਚ ਉਹਨਾਂ ਦੀ ਦੇਖਭਾਲ ਕਰਨ ਵਾਲੇ ਡਾਕਟਰਾਂ ਵਿਚੋਂ  ਇਕ ਨੇ ਕਈ ਸਾਲ ਪਹਿਲਾਂ ਪ੍ਰਿਆ ਦੇ ਦਿਸ਼ਾ ਨਿਰਦੇਸ਼ ਵਿਚ ਹੀ ਪੜ੍ਹਾਈ ਕੀਤੀ ਸੀ।

ਡਾਕਟਰ ਬੇਟੀਆਂ ਦੀ ਮਾਂ ਕਮਲੇਸ਼ ਨੇ ਦੱਸਿਆ ਕਿ ਸੁੰਗਧਾ ਆਪਣੇ ਪਿਤਾ ਨੂੰ ਆਦਰਸ਼ ਮੰਨਦੀ ਸੀ ਅਤੇ ਸਰਜਨ ਬਣਨਾ ਚਾਹੁੰਦੀ ਸੀ। ਪ੍ਰਿਆ ਨੇ ਪਹਿਲਾਂ ਕਾਨੂੰਨ ਜਾਂ ਕਾਰੋਬਾਰ ਦੇ ਖੇਤਰ ਵਿਚ ਕਿਸਮਤ ਅਜਮਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਬਾਅਦ ਵਿਚ ਉਹ ਗੁਰਦਾ ਰੋਗ ਮਾਹਰ ਬਣ ਗਈ। ਅਨੀਸ਼ਾ ਵੀ ਪ੍ਰਿਆ ਦੇ ਪੈਰਾਂ ਦੇ ਨਿਸ਼ਾਨਾਂ 'ਤੇ ਚੱਲੀ ਅਤੇ ਕੰਸਾਸ ਸਿਟੀ ਵਿਚ ਮੈਡੀਕਲ ਸਕੂਲ ਵਿਚ ਦਾਖਲਾ ਲੈ ਲਿਆ। ਅਨੀਸ਼ਾ ਨੇ ਕਿਹਾ,''ਸਾਡੇ ਮਾਤਾ-ਪਿਤਾ ਸਾਡੀ ਪ੍ਰੇਰਣਾ ਹਨ। ਮੈਂ ਮੈਡੀਕਲ ਦਾ ਪੇਸ਼ਾ ਆਪਮੀ ਮਾਂ ਦੇ ਕਾਰਨ ਅਪਨਾਇਆ ਜੋ ਬਹੁਤ ਹੀ ਮਜ਼ਬੂਤ ਮਹਿਲਾ ਹੈ।'' ਉਹਨਾਂ ਨੇ ਕਿਹਾ,''ਪ੍ਰਿਆ ਮੇਰੀ ਵੱਡੀ ਭੈਣ ਸੀ। ਉਹ ਹਮੇਸ਼ਾ ਮੇਰੀ ਰੱਖਿਆ ਕਰਦੀ ਸੀ।''

ਅਨੀਸ਼ਾ ਨੇ ਕਿਹਾ,''41 ਸਾਲਾ ਪ੍ਰਿਆ 10 ਦਿਨ ਤੱਕ ਵੈਂਟੀਲੇਟਰ 'ਤੇ ਰਹੀ ਅਤੇ 13 ਅਪ੍ਰੈਲ ਨੂੰ ਉਸ ਦੀ ਮੌਤ ਹੋ ਗਈ। ਉਸ ਦੇ ਪਿਤਾ ਦੀ ਮੌਤ 21 ਅਪ੍ਰੈਲ ਨੂੰ ਹੋਈ ਜਿਹਨਾਂ ਨੂੰ ਇਹ ਵੀ ਪਤਾ ਨਹੀਂ ਚੱਲ ਪਾਇਆ ਕਿ ਉਹਨਾਂ ਦੀ ਵਿਚਕਾਰਲੀ ਬੇਟੀ ਉਹਨਾਂ ਤੋਂ ਪਹਿਲਾਂ ਹੀ ਦੁਨੀਆ ਛੱਡ ਕੇ ਜਾ ਚੁੱਕੀ ਹੈ। ਉਹਨਾਂ ਨੇ ਕਿਹਾ ਕਿ ਇਸ ਤੋਂ 5 ਦਿਨ ਪਹਿਲਾਂ ਹੀ ਉਹਨਾਂ ਦੇ ਮਾਤਾ-ਪਿਤਾ ਨੇ ਆਪਣੇ ਵਿਆਹ ਦੀ 50ਵੀਂ ਵਰ੍ਹੇਗੰਢ ਮਨਾਈ ਸੀ। ਸਤੇਂਦਰ 77 ਸਾਲ ਦੇ ਸਨ। ਅਨੀਸ਼ਾ ਨੇ ਕਿਹਾ,'' ਮੈਨੂੰ ਨਹੀਂ ਪਤਾ ਮੈਂ ਕੀ ਕਹਾਂ। ਇਹ ਬਹੁਤ ਹੀ ਦੁਖਦਾਈ ਹੈ। ਇਹ ਬੀਮਾਰੀ ਬਹੁਤ ਜ਼ਾਲਮ ਹੈ। ਅਸੀਂ ਆਪਣੀ ਭੈਣ ਅਤੇ ਪਿਤਾ ਦੇ ਆਖਰੀ ਸਮੇਂ ਉਹਨਾਂ ਦਾ ਹੱਥ ਵੀ ਨਹੀਂ ਫੜ ਸਕੇ।''


Vandana

Content Editor

Related News