ਅਮਰੀਕਾ: ਵਿਦੇਸ਼ੀਆਂ ਨੂੰ ਹਿੰਦੀ ਸਿਖਾਉਣ ਲਈ ਭਾਰਤੀ ਦੂਤਘਰ ਨੇ ਸ਼ੁਰੂ ਕੀਤੀਆਂ ਫ੍ਰੀ ਕਲਾਸਾਂ
Tuesday, Jan 14, 2020 - 02:57 PM (IST)

ਵਾਸ਼ਿੰਗਟਨ- ਅਮਰੀਕਾ ਵਿਚ ਸਥਿਤ ਭਾਰਤੀ ਦੂਤਘਰ ਹਿੰਦੀ ਭਾਸ਼ਾ ਸਿੱਖਣ ਤੇ ਭਾਰਤ ਦੀ ਸੰਸਕ੍ਰਿਤੀ ਦੇ ਬਾਰੇ ਵਿਚ ਸਮਝ ਵਧਾਉਣ ਦੇ ਇੱਛੁਕ ਅਮਰੀਕੀਆਂ ਤੇ ਵਿਦੇਸ਼ੀ ਨਾਗਰਿਕਾਂ ਦੇ ਲਈ ਇਸ ਸਾਲ ਮੁਫਤ ਹਿੰਦੀ ਕਲਾਸਾਂ ਸ਼ੁਰੂ ਕਰਨ ਜਾ ਰਿਹਾ ਹੈ। ਭਾਰਤੀ ਦੂਤਘਰ ਨੇ ਸੋਮਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਦੂਤਘਰ ਵਿਚ ਭਾਰਤੀ ਸੰਸਕ੍ਰਿਤੀ ਦੇ ਅਧਿਆਪਕ ਮੋਕਸਰਾਜ 16 ਜਨਵਰੀ ਤੋਂ ਇਹ ਕਲਾਸਾਂ ਲੈਣਗੇ।
ਮੋਕਸਰਾਜ ਨੇ ਕਿਹਾ ਕਿ ਭਾਰਤ ਦੀ ਦੁਨੀਆ ਭਰ ਵਿਚ ਪ੍ਰਸਿੱਧੀ ਬੀਤੇ ਕੁਝ ਸਾਲਾਂ ਵਿਚ ਜ਼ਬਰਦਸਤ ਤਰੀਕੇ ਨਾਲ ਵਧੀ ਹੈ। ਭਾਰਤ ਦੇ ਬਾਰੇ ਵਿਚ ਸਹੀ ਜਾਣਕਾਰੀ ਹਾਸਿਲ ਕਰਨ ਦੇ ਲਈ ਲੋਕ ਹਿੰਦੀ ਸਿੱਖਣਾ ਚਾਹੁੰਦੇ ਹਨ। ਭਾਰਤ ਦੀ ਕਲਾ-ਸੰਸਕ੍ਰਿਤੀ, ਵਾਸਤੂਕਲਾ, ਪਰਿਵਾਰ ਪ੍ਰਣਾਲੀ, ਵਿਆਹੁਤਾ ਜ਼ਿੰਦਗੀ, ਹਿੰਦੀ ਫਿਲਮਾਂ, ਯੋਗ, ਪਾਕ-ਕਲਾ, ਸਿਆਸਤ ਤੇ ਵਪਾਰ ਦੇ ਬਾਰੇ ਵਿਚ ਗਿਆਨ ਵਧਾਉਣ ਲਈ ਕਰੋੜਾਂ ਲੋਕਾਂ ਦੇ ਵਿਚਾਲੇ ਹਿੰਦੀ ਨੂੰ ਲੈ ਕੇ ਰੂਚੀ ਵਧੀ ਹੈ। ਉਹਨਾਂ ਨੇ ਕਿਹਾ ਕਿ ਅਮਰੀਕਾ ਵਿਚ ਹਿੰਦੀ ਦੀ ਪ੍ਰਸਿੱਧੀ ਲਗਾਤਾਰ ਵਧੀ ਹੈ।
ਭਾਰਤੀ ਦੂਤਘਰ ਪਿਛਲੇ ਦੋ ਸਾਲਾਂ ਤੋਂ ਮਿਸ਼ਨ ਵਿਚ ਵੱਖ-ਵੱਖ ਦੇਸ਼ਾਂ ਦੇ ਲੋਕਾਂ ਨੂੰ ਹਿੰਦੀ ਸਿਖਾਉਣ ਦੇ ਲਈ ਮੁਫਤ ਕਲਾਸਾਂ ਦਾ ਆਯੋਜਨ ਕਰ ਰਿਹਾ ਹੈ। ਉਸ ਨੇ ਜਾਰਜ ਵਾਸ਼ਿੰਗਟਨ ਯੂਨੀਵਰਸਿਟੀ ਤੇ ਜਾਰਜਟਾਊਨ ਯੂਨੀਵਰਸਿਟੀ ਜਿਹੀਆਂ ਪ੍ਰਸਿੱਧ ਸਿੱਖਿਆ ਕੇਂਦਰਾਂ ਦੇ ਨਾਲ ਹਿੱਸੇਦਾਰੀ ਕੀਤੀ ਹੈ।