ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਚੀਨ ਯਾਤਰਾ ''ਤੇ ਮੁੜ ਵਿਚਾਰ ਦੀ ਅਪੀਲ

01/28/2020 12:19:20 PM

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਵਿਦੇਸ਼ ਮੰਤਰਾਲੇ ਨੇ ਚੀਨ ਵਿਚ ਫੈਲੇ ਕੋਰੋਨਾਵਾਇਰਸ ਦੇ ਜਾਨਲੇਵਾ ਖਤਰੇ ਦੇ ਵਿਚ ਆਪਣੇ ਨਾਗਰਿਕਾਂ ਨੂੰ ਉੱਥੋਂ ਦੀ ਯਾਤਰਾ ਕਰਨ ਦੀ ਕਿਸੇ ਵੀ ਯੋਜਨਾ 'ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ। ਵਿਦੇਸ਼ ਮੰਤਰਾਲੇ ਨੇ ਆਪਣੇ ਨਾਗਰਿਕਾਂ ਨੂੰ ਹੁਬੇਈ ਸੂਬੇ ਦੀ ਯਾਤਰਾ ਨਾ ਕਰਨ ਦੀ ਸਖਤ ਹਿਦਾਇਤ ਦਿੱਤੀ ਹੈ, ਜਿੱਥੇ ਵੁਹਾਨ ਸ਼ਹਿਰ ਸਥਿਤ ਹੈ। ਇਸ ਸ਼ਹਿਰ ਵਿਚ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਲੋਕਾਂ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਚੀਨ ਵਿਚ ਹੁਣ ਤੱਕ ਵਾਇਰਸ ਕਾਰਨ 106 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 4515 ਲੋਕ ਇਨਫੈਕਟਿਡ ਪਾਏ ਗਏ ਹਨ। 

ਤਿੱਬਤ ਨੂੰ ਛੱਡ ਕੇ ਚੀਨ ਦੇ ਸਾਰੇ ਸੂਬਿਆਂ ਵਿਚ ਵਾਇਰਸ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਸ ਨੂੰ ਕੰਟਰੋਲ ਕਰਨਾ ਸਿਹਤ ਅਧਿਕਾਰੀਆਂ ਲਈ ਇਕ ਵੱਡੀ ਚੁਣੌਤੀ ਬਣੀ ਹੋਈ ਹੈ। ਵਿਦੇਸ਼ ਮੰਤਰਾਲੇ ਨੇ ਸੋਮਵਾਰ ਨੂੰ ਜਾਰੀ ਇਕ ਯਾਤਰਾ ਸਲਾਹ ਵਿਚ ਕਿਹਾ,''ਚੀਨ ਦੇ ਵੁਹਾਨ ਵਿਚ ਕੋਰੋਨਾਵਾਇਰਸ ਦੇ ਮਾਮਲੇ ਸਾਹਮਣੇ ਆਉਣ ਕਾਰਨ ਲੋਕ ਚੀਨ ਦੀ ਯਾਤਰਾ 'ਤੇ ਮੁੜ ਵਿਚਾਰ ਕਰਨ। ਕੁਝ ਖੇਤਰਾਂ ਵਿਚ ਖਤਰਾ ਵੱਧ ਗਿਆ ਹੈ।'' ਵਿਦੇਸ਼ ਵਿਭਾਗ ਨੇ ਕਿਹਾ,''ਨਵੇਂ ਕੋਰੋਨਾਵਾਇਰਸ ਦੇ ਇਨਫੈਕਸ਼ਨ ਕਾਰਨ ਸਾਹ ਲੈਣ ਵਿਚ ਮੁਸ਼ਕਲ ਹੋ ਰਹੀ ਹੈ। ਇਹ ਮੁਸ਼ਕਲ ਚੀਨ ਦੇ ਹੁਬੇਈ ਸੂਬੇ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ। ਵਾਇਰਸ ਦਾ ਇਨਫੈਕਸ਼ਨ ਦਸੰਬਰ 2019 ਵਿਚ ਫੈਲਣਾ ਸ਼ੁਰੂ ਹੋਇਆ ਅਤੇ ਹੁਣ ਤੱਕ ਜਾਰੀ ਹੈ। ਚੀਨੀ ਸਿਹਤ ਅਧਿਕਾਰੀਆਂ ਨੇ ਦੇਸ਼ ਭਰ ਵਿਚ ਹਜ਼ਾਰਾਂ ਮਾਮਲੇ ਸਾਹਮਣੇ ਆਉਣ ਦੀ ਸੂਚਨਾ ਦਿੱਤੀ ਹੈ। ਇਸ ਲਈ ਚੀਨ ਜਾਣ ਤੋਂ ਪਹਿਲਾਂ ਮੁੜ ਵਿਚਾਰ ਕਰੋ।'' 

ਵੁਹਾਨ ਸੂਬੇ ਲਈ ਪੱਧਰ 4 ਦੀ ਸਲਾਹ ਜਾਰੀ ਕੀਤੀ ਗਈ ਹੈ ਅਤੇ ਚੀਨ ਵਿਚ ਹੋਰ ਥਾਵਾਂ ਲਈ ਇਹ ਪੱਧਰ 2 ਤੋਂ 3 ਤੱਕ ਹੈ। ਸਲਾਹ ਵਿਚ ਕਿਹਾ ਗਿਆ ਹੈ,''ਚੀਨ ਵਿਚ ਫੈਲ ਰਹੇ ਕੋਰੋਨਾਵਾਇਰਸ ਦੇ ਇਨਫੈਕਸ਼ਨ ਕਾਰਨ ਹੁਬੇਈ ਸੂਬੇ ਦੀ ਯਾਤਰਾ ਨਾ ਕੀਤੀ ਜਾਵੇ। ਇਸ ਦੇ ਪਹਿਲੇ ਮਾਮਲੇ ਦੀ ਪਛਾਣ ਚੀਨ ਦੇ ਵੁਹਾਨ ਸ਼ਹਿਰ ਵਿਚ ਹੋਈ।'' ਮੰਤਰਾਲੇ ਨੇ ਕਿਹਾ ਕਿ ਪਿਛਲੇ ਹਫਤੇ ਉਸ ਨੇ ਸਾਰੇ ਗੈਰ ਐਮਰਜੈਂਸੀ ਅਮਰੀਕੀ ਕਰਮੀਆਂ ਅਤੇ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਵੁਹਾਨ ਤੋਂ ਨਿਕਲ ਜਾਣ ਦਾ ਆਦੇਸ਼ ਦਿੱਤਾ ਸੀ। ਮੰਤਰਾਲੇ ਨੇ ਸੋਮਵਾਰ ਨੂੰ ਇਕ ਬਿਆਨ ਵਿਚ ਕਿਹਾ,''ਅਮਰੀਕੀ ਸਰਕਾਰ ਕੋਲ ਹੁਬੇਈ ਸੂਬੇ ਵਿਚ ਅਮਰੀਕੀ ਨਾਗਰਿਕਾਂ ਨੂੰ ਐਮਰਜੈਂਸੀ ਸੇਵਾਵਾਂ ਪ੍ਰਦਾਨ ਕਰਨ ਦੀ ਸਮੱਰਥਾ ਸੀਮਤ ਹੈ।'' ਉਸ ਵਿਚ ਕਿਹਾ ਗਿਆ ਕਿ ਯਾਤਰੀਆਂ ਨੂੰ ਯਾਤਰਾ ਪਾਬੰਦੀਆਂ ਨੂੰ ਲੈ ਕੇ ਸਾਵਧਾਨ ਰਹਿਣਾ ਚਾਹੀਦਾ ਹੈ। 
 


Vandana

Content Editor

Related News