US : ਕੋਵਿਡ-19 ਨਾਲ ਪਹਿਲੀ ਮੌਤ, ਟਰੰਪ ਨੇ ਅੰਤਰਰਾਸ਼ਟਰੀ ਯਾਤਰਾ ''ਤੇ ਲਗਾਈ ਪਾਬੰਦੀ

Sunday, Mar 01, 2020 - 11:05 AM (IST)

US : ਕੋਵਿਡ-19 ਨਾਲ ਪਹਿਲੀ ਮੌਤ, ਟਰੰਪ ਨੇ ਅੰਤਰਰਾਸ਼ਟਰੀ ਯਾਤਰਾ ''ਤੇ ਲਗਾਈ ਪਾਬੰਦੀ

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਨੀਵਾਰ ਨੂੰ ਈਰਾਨ ਤੋਂ ਯਾਤਰਾ 'ਤੇ ਪਾਬੰਦੀ ਲਗਾ ਦਿੱਤੀ। ਇਸ ਦੇ ਨਾਲ ਹੀ ਉਹਨਾਂ ਨੇ ਆਪਣੇ ਨਾਗਰਿਕਾਂ ਨੂੰ ਸਲਾਹ ਦਿੱਤੀ ਕਿ ਉਹ ਦੱਖਣੀ ਕੋਰੀਆ ਅਤੇ ਇਟਲੀ ਦੇ ਕੁਝ ਹਿੱਸਿਆਂ ਵਿਚ ਨਾ ਜਾਣ। ਅਮਰੀਕਾ ਨੇ ਇਹ ਐਲਾਨ ਅਜਿਹੇ ਸਮੇਂ ਵਿਚ ਕੀਤਾ ਹੈ ਜਦੋਂ ਕੋਰੋਨਾਵਾਇਰਸ ਨਾਲ ਮੌਤ ਦਾ ਪਹਿਲਾ ਮਾਮਲਾ ਵਾਸ਼ਿੰਗਟਨ ਸੂਬੇ ਤੋਂ ਸਾਹਮਣੇ ਆਇਆ ਹੈ।

ਟਰੰਪ ਨੇ ਵ੍ਹਾਈਟ ਹਾਊਸ ਵਿਚ ਪੱਤਰਕਾਰਾਂ ਨੂੰ ਕਿਹਾ,''ਬਦਕਿਸਮਤੀ ਨਾਲ ਇਕ ਮਹਿਲਾ ਦੀ ਮੌਤ ਹੋ ਗਈ। ਉਹ ਕਾਫੀ ਚੰਗੀ ਮਹਿਲਾ ਸੀ। ਉਹ ਸਿਹਤ ਸੰਬੰਧੀ ਸਮੱਸਿਆਵਾਂ ਨਾਲ ਪੀੜਤ ਸੀ।'' ਉਹਨਾਂ ਨੇ ਕਿਹਾ ਕਿ ਅਮਰੀਕਾ ਵਿਚ ਹੋਰ ਮਾਮਲੇ ਆ ਸਕਦੇ ਹਨ ਪਰ ਸਿਹਤਮੰਦ ਲੋਕ ਠੀਕ ਹੋਣ ਵਿਚ ਸਮੱਰਥ ਹਨ। ਅਮਰੀਕਾ ਵਿਚ ਹੁਣ ਤੱਕ 15 ਲੋਕ ਕੋਰੋਨਾਵਾਇਰਸ ਤੋਂ ਠੀਕ ਹੋ ਚੁੱਕੇ ਹਨ। 

ਉੱਥੇ ਦੂਜੇ ਪੱਤਰਕਾਰ ਸੰਮੇਲਨ ਵਿਚ ਟਰੰਪ ਨੇ ਕਿਹਾ,''ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਸਾਡਾ ਦੇਸ਼ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੈ।'' ਇਸ ਪੱਤਰਕਾਰ ਸੰਮੇਲਨ ਵਿਚ ਸ਼ਾਮਲ ਹੁੰਦੇ ਹੋਏ ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੇਨਸ ਨੇ ਕਿਹਾ ਕਿ ਟਰੰਪ ਨੇ ਉਹਨਾਂ ਵਿਦੇਸ਼ੀ ਨਾਗਰਿਕਾਂ ਦੇ ਅਮਰੀਕਾ ਦਾਖਲ ਹੋਣ 'ਤੇ ਪਾਬੰਦੀ ਲਗਾ ਦਿੱਤੀ ਹੈ ਜਿਹਨਾਂ ਨੇ ਪਿਛਲੇ 14 ਦਿਨੀਂ ਵਿਚ ਈਰਾਨ ਦੀ ਯਾਤਰਾ ਕੀਤੀ ਸੀ। ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਦੱਖਣੀ ਕੋਰੀਆ ਅਤੇ ਇਟਲੀ ਦੇ ਉਹਨਾਂ ਹਿੱਸਿਆਂ ਦੀ ਯਾਤਰਾ ਕਰਨ ਤੋਂ ਬਚਣ, ਜਿੱਥੇ ਕੋਰੋਨਾਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ। ਸੈਂਟਰ ਫੌਰ ਡਿਜੀਜ਼ ਕੰਟਰੋਲ ਦੇ ਡਾਇਰੈਕਟਰ ਰੌਬਰਟ ਰੈੱਡਫੀਲਡ ਦੇ ਮੁਤਾਬਕ,''ਅਮਰੀਕਾ ਵਿਚ ਹੁਣ ਤੱਕ ਕੋਰੋਨਾਵਾਇਰਸ ਦੇ 22 ਮਾਮਲੇ ਸਾਹਮਣੇ ਆ ਚੁੱਕੇ ਹਨ।''


author

Vandana

Content Editor

Related News