ਰਾਜਕੁਮਾਰੀ ਰੀਮਾ ਬਣੀ ਅਮਰੀਕਾ 'ਚ ਸਾਊਦੀ ਦੀ ਰਾਜਦੂਤ, ਹੋਣਗੀਆਂ ਇਹ ਚੁਣੌਤੀਆਂ

06/26/2019 1:16:45 PM

ਵਾਸ਼ਿੰਗਟਨ (ਬਿਊਰੋ)— ਸਾਊਦੀ ਅਰਬ ਦੀ ਰਾਜਕੁਮਾਰੀ ਰੀਮਾ ਬਿੰਤ ਬੰਦਾਰ ਬਿਨ ਸੁਲਤਾਨ ਨੂੰ ਅਮਰੀਕਾ ਵਿਚ ਨਵੀਂ ਰਾਜਦੂਤ ਨਿਯੁਕਤ ਕੀਤਾ ਗਿਆ ਹੈ। ਉਹ ਰਾਜਕੁਮਾਰ ਖਾਲਿਦ ਬਿਨ ਸਲਮਾਨ ਦੀ ਜਗ੍ਹਾ ਅਹੁਦਾ ਸੰਭਾਲੇਗੀ। ਉਨ੍ਹਾਂ ਲਈ ਇਸ ਅਹੁਦੇ 'ਤੇ ਕੰਮ ਕਰਨਾ ਚੁਣੌਤੀ ਪੂਰਣ ਹੋਵੇਗਾ ਕਿਉਂਕਿ 11 ਸਤੰਬਰ ਦੇ ਅੱਤਵਾਦੀ ਹਮਲਿਆਂ ਦੇ ਬਾਅਦ ਤੋਂ ਵਾਸ਼ਿੰਗਟਨ ਅਤੇ ਸਾਊਦੀ ਵਿਚ ਸੰਬੰਧ ਆਪਣੇ ਹੇਠਲੇ ਪੱਧਰ 'ਤੇ ਹਨ। ਰਾਜਕੁਮਾਰੀ ਅਗਲੇ ਹਫਤੇ ਅਮਰੀਕਾ ਪਹੁੰਚੇਗੀ ਅਤੇ ਦੋਹਾਂ ਦੇਸ਼ਾਂ ਵਿਚਾਲੇ ਸੰਬੰਧਾਂ ਨੂੰ ਮੁੜ ਉਚਾਈ ਤੱਕ ਲਿਜਾਣ ਦੀ ਕੋਸ਼ਿਸ ਕਰੇਗੀ। 

ਇਨ੍ਹਾਂ ਚੁਣੌਤੀਆਂ ਵਿਚ ਅਰਬ ਦੂਤਘਰ ਕੰਪਲੈਕਸ ਦੇ ਅੰਦਰ ਪੱਤਰਕਾਰ ਜਮਾਲ ਖਸ਼ੋਗੀ ਦੀ ਹੱਤਿਆ, ਯਮਨ ਵਿਚ ਲੰਬੇ ਸਮੇਂ ਤੋਂ ਚੱਲ ਰਹੇ ਯੁੱਧ ਤੇ ਮਨੁੱਖੀ ਸੰਕਟ ਅਤੇ ਸਾਊਦੀ ਮਹਿਲਾ ਕਾਰਕੁੰਨਾਂ ਦੀ ਨਜ਼ਰਬੰਦੀ ਜਿਹੇ ਅਜਿਹੇ ਕਈ ਮਾਮਲੇ ਹਨ, ਜਿਨ੍ਹਾਂ ਕਾਰਨ ਵਾਸ਼ਿੰਗਟਨ ਨਾਲ ਸਾਊਦੀ ਅਰਬ ਦੇ ਸੰਬੰਧ ਕਮਜ਼ੋਰ ਹਨ। ਲੰਡਨ ਸਕੂਲ ਆਫ ਇਕਨੋਮਿਕਸ ਵਿਚ ਅੰਤਰਰਾਸ਼ਟਰੀ ਸੰਬੰਧਾਂ ਦੇ ਪ੍ਰੋਫੈਸਰ ਫਵਾਜ਼ ਏ ਗੇਰਜੇਸ ਨੇ ਕਿਹਾ ਕਿ ਵਾਸ਼ਿੰਗਟਨ ਵਿਚ ਸਾਊਦੀ ਅਰਬ ਦੇ ਪ੍ਰਤੀ ਸਿਆਸੀ ਦ੍ਰਿਸ਼ਟੀਕੋਣ ਸਹੀ ਨਹੀਂ ਹੈ। ਭਾਵੇਂਕਿ ਟਰੰਪ ਪ੍ਰਸ਼ਾਸਨ ਇਸ ਦਾ ਅਪਵਾਦ ਹੈ। 

ਰਾਜਕੁਮਾਰੀ ਰੀਮਾ ਨੂੰ ਕਾਂਗਰਸ ਅਤੇ ਵਿਦੇਸ਼ ਨੀਤੀ ਦੇ ਮੈਂਬਰਾਂ ਨੂੰ ਸਰਗਰਮ ਰੂਪ ਵਿਚ ਸ਼ਾਮਲ ਕਰਨਾ ਹੋਵੇਗਾ। ਇਸ ਦੇ ਨਾਲ ਹੀ ਯਕੀਨੀ ਕਰਨਾ ਹੋਵੇਗਾ ਕਿ ਸਾਊਦੀ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਸੁਣਦਾ ਹੈ ਪਰ ਇਹ ਸਭ ਇੰਨਾ ਆਸਾਨ ਨਹੀਂ ਹੋਵੇਗਾ। ਵਾਸ਼ਿੰਗਟਨ ਵਿਚ ਸਾਊਦੀ ਦੂਤਘਰ ਦੇ ਬੁਲਾਰੇ ਫਹਿਦ ਨਾਜ਼ਰ ਨੇ ਕਿਹਾ,''ਰਾਜਕੁਮਾਰੀ ਰੀਮਾ ਜਾਣਦੀ ਹੈ ਕਿ ਅਤੀਤ ਵਿਚ ਦੋ-ਪੱਖੀ ਸੰਬੰਧਾਂ ਦਾ ਪਰੀਖਣ ਕੀਤਾ ਗਿਆ ਸੀ ਪਰ ਦੋਹਾਂ ਦੇਸ਼ਾਂ ਨੇ ਹਮੇਸ਼ਾ ਆਪਣੇ ਮਤਭੇਦਾਂ ਨੂੰ ਦੂਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਰਾਜਕੁਮਾਰੀ ਰੀਮਾ ਮਜ਼ਬੂਤ ਹਿੱਸੇਦਾਰੀ ਨੂੰ ਨਾ ਸਿਰਫ ਵਧਾਉਣ ਸਗੋਂ ਭਵਿੱਖ ਵਿਚ ਵੀ ਇਸ ਨੂੰ ਹੋਰ ਮਜ਼ਬੂਤ ਬਣਾਉਣ ਲਈ ਉਹ ਸਭ ਕਰੇਗੀ ਜੋ ਉਹ ਕਰ ਸਕਦੀ ਹੈ।''

ਜਾਣੋ ਰਾਜਕੁਮਾਰੀ ਰੀਮਾ ਦੇ ਬਾਰੇ ਵਿਚ
ਰਾਜਕੁਮਾਰੀ ਰੀਮਾ ਬੰਦਾਰ ਬਿਨ ਸੁਲਤਾਨ ਅਲ ਸਾਊਦੀ ਦੀ ਬੇਟੀ ਹੈ, ਜੋ ਸਾਲ 1983 ਤੋਂ 2005 ਤੱਕ ਅਮਰੀਕਾ ਵਿਚ ਸਾਊਦੀ ਦੇ ਰਾਜਦੂਤ ਰਹੇ ਹਨ। ਖੁਦ ਰੀਮਾ ਕਈ ਸਾਲਾਂ ਤੱਕ ਅਮਰੀਕਾ ਵਿਚ ਰਹੀ ਹੈ। ਉਨ੍ਹਾਂ ਨੇ ਜੌਰਜ ਵਾਸ਼ਿੰਗਟਨ ਯੂਨੀਵਰਸਿਟੀ ਤੋਂ ਮਿਊਜ਼ੀਅਮ ਸਟੱਡੀਜ਼ ਵਿਚ ਗ੍ਰੈਜੁਏਸ਼ਨ ਕੀਤੀ ਅਤੇ ਫਿਰ ਰਿਆਦ ਪਰਤ ਆਈ। 

ਸਾਲ 2005 ਵਿਚ ਉਨ੍ਹਾਂ ਨੇ ਔਰਤਾਂ ਲਈ ਜਿਮ ਅਤੇ ਸਪਾ ਦੀਆਂ ਸੇਵਾਵਾਂ ਸ਼ੁਰੂ ਕੀਤੀਆਂ। ਉਨ੍ਹਾਂ ਨੇ ਰਿਆਦ ਵਿਚ ਜ਼ੇਹਰਾ ਬ੍ਰੈਸਟ ਕੈਂਸਰ ਐਸੋਸੀਏਸ਼ਨ ਦੀ ਸਥਾਪਨਾ ਕੀਤੀ। ਰਾਜਕੁਮਾਰੀ ਰੀਮਾ ਦਾ ਵਿਆਹ ਫੈਸਲ ਬਿਨ ਤੁਰਕੀ ਬਿਨ ਨਾਸੇਰ ਨਾਲ ਹੋਇਆ ਪਰ 2012 ਵਿਚ ਉਨ੍ਹਾਂ ਦਾ ਤਲਾਕ ਹੋ ਗਿਆ। ਦੋਹਾਂ ਦੇ ਦੋ ਬੱਚੇ ਹਨ ਜੋ ਰਾਜਕੁਮਾਰੀ ਨਾਲ ਰਹਿੰਦੇ ਹਨ।


Vandana

Content Editor

Related News