ਅਮਰੀਕਾ ਦੁਆਰਾ ਕਾਬੁਲ ਅੰਬੈਸੀ ਦੇ ਸਟਾਫ ਨੂੰ ਵਾਪਸ ਲਿਆਉਣ ਲਈ ਭੇਜੀ ਜਾ ਰਹੀ ਹੈ ਫੌਜੀ ਸਹਾਇਤਾ

Saturday, Aug 14, 2021 - 01:14 AM (IST)

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)- ਅਫਗਾਨਿਸਤਾਨ 'ਚ ਦਿਨ ਪ੍ਰਤੀ ਦਿਨ ਸੁਰੱਖਿਆ ਦੇ ਹਾਲਾਤ ਤੇਜ਼ੀ ਨਾਲ ਵਿਗੜ ਰਹੇ ਹਨ। ਇਸ ਲਈ ਅਫਗਾਨਿਸਤਾਨ ਦੇ ਕਾਬੁਲ ਵਿੱਚ ਸਥਿਤ ਅਮਰੀਕੀ ਅੰਬੈਸੀ ਦੇ ਸਟਾਫ ਨੂੰ ਉੱਥੋਂ ਸੁਰੱਖਿਅਤ ਕੱਢਣ ਦੇ ਉਦੇਸ਼ ਨਾਲ ਅਮਰੀਕਾ ਵੱਲੋਂ 3,000 ਦੇ ਕਰੀਬ ਫੌਜੀ ਜਵਾਨ ਕਾਬੁਲ ਭੇਜੇ ਜਾ ਰਹੇ ਹਨ। ਰਿਪੋਰਟਾਂ ਅਨੁਸਾਰ ਤਾਲਿਬਾਨ ਅੱਤਵਾਦੀਆਂ ਵੱਲੋਂ ਜਲਦ ਹੀ ਕਾਬੁਲ ਉੱਪਰ ਵੀ ਕਬਜ਼ਾ ਕਰਨ ਦਾ ਖਦਸ਼ਾ ਹੈ। ਪੈਂਟਾਗਨ ਦੇ ਬੁਲਾਰੇ ਜੌਹਨ ਕਿਰਬੀ ਨੇ ਦੱਸਿਆ ਕਿ ਇੱਕ ਸੈਨਾ ਤੇ ਦੋ ਮਰੀਨ ਇਨਫੈਂਟਰੀ ਬਟਾਲੀਅਨਾਂ ਅਫਗਾਨਿਸਤਾਨ 'ਚ ਦਾਖਲ ਹੋਣਗੀਆਂ। ਇਸਦੇ ਇਲਾਵਾ ਵਿਦੇਸ਼ ਵਿਭਾਗ ਦੇ ਬੁਲਾਰੇ ਨੇਡ ਪ੍ਰਾਈਸ ਅਨੁਸਾਰ ਅਮਰੀਕਾ ਦੀ ਪਹਿਲੀ ਜ਼ਿੰਮੇਦਾਰੀ ਹਮੇਸ਼ਾ ਅਫਗਾਨਿਸਤਾਨ ਅਤੇ ਵਿਸ਼ਵ ਭਰ ਵਿੱਚ ਸੇਵਾ ਕਰ ਰਹੇ ਅਮਰੀਕੀ ਨਾਗਰਿਕਾਂ ਦੀ ਸੁਰੱਖਿਆ ਕਰਨ ਦੀ ਰਹੀ ਹੈ। 

ਇਹ ਖ਼ਬਰ ਪੜ੍ਹੋ- ENG v IND : ਐਂਡਰਸਨ ਨੇ ਹਾਸਲ ਕੀਤੀ ਇਹ ਉਪਲੱਬਧੀ, ਦੇਖੋ ਪੂਰੀ ਲਿਸਟ


ਕਿਰਬੀ ਨੇ ਕਿਹਾ ਕਿ ਆਰਮੀ-ਏਅਰ ਟਾਸਕ ਫੋਰਸ ਦੇ ਵਾਧੂ 1,000 ਮੈਂਬਰ ਸਾਬਕਾ ਟਰਾਂਸਲੇਟਰਾਂ ਤੇ ਅਫਗਾਨਿਸਤਾਨ 'ਚ ਅਮਰੀਕੀਆਂ ਦੇ ਨਾਲ ਕੰਮ ਕਰਨ ਵਾਲੇ ਹੋਰ ਅਫਗਾਨਾਂ ਦੀ ਚੱਲ ਰਹੀ ਨਿਕਾਸੀ ਲਈ ਵੀਜ਼ਾ ਪ੍ਰਕਿਰਿਆ 'ਚ ਸਹਾਇਤਾ ਲਈ ਖਾੜੀ ਦੇਸ਼ ਕਤਰ ਜਾ ਰਹੇ ਹਨ ਅਤੇ ਅੰਬੈਸੀ ਮੁਹਿੰਮ ਵਿੱਚ ਲੋੜ ਪੈਣ 'ਤੇ ਸਹਾਇਤਾ ਕਰਨ ਦੇ ਮਕਸਦ ਨਾਲ ਉੱਤਰੀ ਕੈਰੋਲਿਨਾ ਦੇ ਫੋਰਟ ਬ੍ਰੈਗ ਤੋਂ 4,000 ਵਿਸ਼ੇਸ਼ ਲੜਾਈ ਫੌਜੀਆਂ ਦੀ ਟੀਮ ਕੁਵੈਤ ਜਾ ਰਹੀ ਹੈ। ਕਿਰਬੀ ਨੇ ਜ਼ੋਰ ਦੇ ਕੇ ਕਿਹਾ ਕਿ ਸੈਨਿਕਾਂ ਦੀਆਂ ਇਹ ਨਵੀਆਂ ਤਾਇਨਾਤੀਆਂ ਸਿਰਫ ਇੱਕ ਅਸਥਾਈ ਮਿਸ਼ਨ ਹਨ, ਜੋ ਸਿਰਫ ਅੰਬੈਸੀ ਸਟਾਫ ਦੀ ਵਾਪਸੀ 'ਤੇ ਕੇਂਦ੍ਰਿਤ ਹਨ। ਇਹਨਾਂ ਦਾ ਮੰਤਵ ਅਫਗਾਨਿਸਤਾਨ ਵਿੱਚ ਦੁਬਾਰਾ ਸ਼ਾਮਲ ਹੋਣਾ ਨਹੀਂ ਹੈ। ਇਸ ਤੋਂ ਪਹਿਲਾਂ ਅਮਰੀਕੀ ਪ੍ਰਸ਼ਾਸਨ ਵੱਲੋਂ ਆਪਣੇ ਨਾਗਰਿਕਾਂ ਨੂੰ ਤੁਰੰਤ ਅਫਗਾਨਿਸਤਾਨ ਛੱਡਣ ਦੀ ਵੀ ਅਪੀਲ ਕੀਤੀ ਗਈ ਸੀ।

ਇਹ ਖ਼ਬਰ ਪੜ੍ਹੋ- ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਪਾਕਿ 'ਚ ਦੋ T20 ਖੇਡੇਗਾ ਇੰਗਲੈਂਡ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


Gurdeep Singh

Content Editor

Related News