ਅਮਰੀਕਾ ''ਚ 21 ਲੱਖ ਲੋਕਾਂ ਨੇ ਲਗਵਾਇਆ ਕੋਰੋਨਾ ਟੀਕਾ
Tuesday, Dec 29, 2020 - 10:29 AM (IST)
ਵਾਸ਼ਿੰਗਟਨ- ਅਮਰੀਕਾ ਵਿਚ ਹੁਣ ਤੱਕ 21 ਲੱਖ ਤੋਂ ਵੱਧ ਲੋਕਾਂ ਨੂੰ ਕੋਰੋਨਾ ਟੀਕਾ ਲੱਗ ਚੁੱਕਾ ਹੈ। ਰੋਗ ਕੰਟਰੋਲ ਤੇ ਬਚਾਅ ਕੇਂਦਰ ਦੇ ਡਾਟਾ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਕੇਂਦਰ ਮੁਤਾਬਕ ਸੋਮਵਾਰ ਦੀ ਰਿਪੋਰਟ ਮੁਤਾਬਕ ਅਮਰੀਕਾ ਵਿਚ 21,27,143 ਲੋਕਾਂ ਨੇ ਹੁਣ ਤੱਕ ਕੋਰੋਨਾ ਤੋਂ ਬਚਾਅ ਲਈ ਪਹਿਲੀ ਵੈਕਸੀਨ ਲਗਵਾ ਲਈ ਹੈ।
ਡਾਟਾ ਮੁਤਾਬਕ ਅਮਰੀਕਾ ਵਿਚ 1,14,45,175 ਖੁਰਾਕਾਂ ਵੰਡੀਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਅਮਰੀਕਾ ਕੋਰੋਨਾ ਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਇੱਥੇ ਹੁਣ ਤੱਕ ਇਕ ਕਰੋੜ 92 ਲੱਖ ਲੋਕ ਕੋਰੋਨਾ ਦੇ ਸ਼ਿਕਾਰ ਹੋ ਚੁੱਕੇ ਹਨ ਅਤੇ 3,34,000 ਮਰੀਜ਼ਾਂ ਦੀ ਕੋਰੋਨਾ ਕਾਰਨ ਮੌਤ ਹੋ ਚੁੱਕੀ ਹੈ।
ਅਮਰੀਕਾ ਵਿਚ ਕੋਰੋਨਾ ਟੈਸਟ ਵੀ ਕਾਫੀ ਤੇਜ਼ੀ ਨਾਲ ਹੋ ਰਹੇ ਹਨ। ਇਸ ਕਾਰਨ ਕੋਰੋਨਾ ਮਾਮਲੇ ਬਾਕੀ ਦੇਸ਼ਾਂ ਨਾਲੋਂ ਵੱਧ ਹਨ। ਜ਼ਿਕਰਯੋਗ ਹੈ ਕਿ ਲੋਕਾਂ ਨੂੰ ਕੋਰੋਨਾ ਵੈਕਸੀਨ ਲਗਵਾਉਣ ਲਈ ਉੱਚ ਅਹੁਦਿਆਂ 'ਤੇ ਬੈਠੇ ਵਿਅਕਤੀ ਵੀ ਪੂਰਾ ਜ਼ੋਰ ਲਾ ਰਹੇ ਹਨ। ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਈਡੇਨ ਨੇ ਕੋਰੋਨਾ ਵੈਕਸੀਨ ਲਾਈਵ ਪ੍ਰਸਾਰਣ ਦੌਰਾਨ ਲਗਾ ਕੇ ਲੋਕਾਂ ਨੂੰ ਸੁਨੇਹਾ ਦਿੱਤਾ ਕਿ ਕੋਰੋਨਾ ਵੈਕਸੀਨ ਬਿਲਕੁਲ ਸੁਰੱਖਿਅਤ ਹੈ। ਦੱਸ ਦਈਏ ਕਿ ਪਹਿਲ ਦੇ ਆਧਾਰ 'ਤੇ ਫਰੰਟ ਲਾਈਨ ਡਾਕਟਰਾਂ, ਸਟਾਫ਼ ਅਤੇ ਵਧੇਰੇ ਲੋੜ ਵਾਲੇ ਲੋਕਾਂ ਨੂੰ ਕੋਰੋਨਾ ਵੈਕਸੀਨ ਦੀ ਖੁਰਾਕ ਦਿੱਤੀ ਜਾ ਰਹੀ ਹੈ।