ਅਮਰੀਕਾ ''ਚ 15 ਲੱਖ ਤੋਂ ਵੱਧ ਲੋਕ ਕੋਰੋਨਾ ਦੇ ਸ਼ਿਕਾਰ, ਲੱਖਾਂ ਨੇ ਹਰਾਇਆ ਵਾਇਰਸ

05/19/2020 6:56:16 AM

ਵਾਸ਼ਿੰਗਟਨ- ਅਮਰੀਕਾ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 15 ਲੱਖ ਤੋਂ ਪਾਰ ਹੋ ਗਈ ਹੈ ਤੇ ਇੱਥੇ ਮਰਨ ਵਾਲਿਆਂ ਦੀ ਗਿਣਤੀ ਵੀ 90 ਹਜ਼ਾਰ ਤੋਂ ਵੱਧ ਹੋ ਗਈ ਹੈ। ਜੌਹਨ ਹੌਪਿੰਕਸ ਯੂਨੀਵਰਸਿਟੀ ਵੱਲੋਂ ਸੋਮਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ, ਅਮਰੀਕਾ ਵਿਚ ਕੋਵਿਡ -19 ਕਾਰਨ ਹੁਣ ਤੱਕ 90,338 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ 15,08,168 ਪ੍ਰਭਾਵਤ ਹੋਏ ਹਨ। ਅਮਰੀਕਾ ਦਾ ਸੂਬਾ ਨਿਊਯਾਰਕ ਕੋਰੋਨਾ ਤੋਂ ਸਭ ਤੋਂ ਵੱਧ ਪ੍ਰਭਾਵਤ ਹੋਇਆ ਹੈ। ਅਮਰੀਕਾ ਨੇ ਹੁਣ ਤੱਕ 1 ਕਰੋੜ ਲੋਕਾਂ ਦਾ ਕੋਰੋਨਾ ਟੈਸਟ ਕਰ ਲਿਆ ਹੈ, ਜਿਨ੍ਹਾਂ ਵਿਚੋਂ ਲਗਭਗ 15 ਲੱਖ ਲੋਕ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਅਮਰੀਕਾ ਵਿਚ ਪੀੜਤਾਂ ਦੀ ਗਿਣਤੀ ਇਸ ਲਈ ਜ਼ਿਆਦਾ ਹੈ ਕਿਉਂਕਿ ਕਿਸੇ ਵੀ ਦੇਸ਼ ਨਾਲੋਂ ਵੱਧ ਅਮਰੀਕਾ ਵਿਚ ਹੀ ਕੋਰੋਨਾ ਟੈਸਟ ਕੀਤੇ ਗਏ ਹਨ। ਇੱਥੇ ਹੁਣ ਤੱਕ ਢਾਈ ਲੱਖ ਤੋਂ ਵੱਧ ਲੋਕ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ। 

ਜ਼ਿਕਰਯੋਗ ਹੈ ਕਿ ਇਕੱਲੇ ਨਿਊਯਾਰਕ ਵਿਚ ਹੀ ਕੋਰੋਨਾ ਦੇ 3 ਲੱਖ ਤੋਂ ਵੱਧ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਦੋਂ ਕਿ 28 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਨਿਊਜਰਸੀ ਵਿੱਚ ਹੁਣ ਤੱਕ ਕੋਰੋਨਾ ਇਨਫੈਕਟਡਾਂ ਦੇ 1 ਲੱਖ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ, ਜਦੋਂ ਕਿ ਇਸ ਮਹਾਂਮਾਰੀ ਨਾਲ 10,000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ, ਮੈਸੇਚਿਉਸੇਟਸ, ਮਿਸ਼ੀਗਨ, ਇਲੀਨੋਇਸ, ਕੈਲੀਫੋਰਨੀਆ, ਲੁਈਸਿਆਨਾ ਅਤੇ ਪੈਨਸਿਲਵੇਨੀਆ ਵਰਗੇ ਸੂਬਿਆਂ ਵਿਚ ਵੀ ਕੋਵਿਡ -19 ਦਾ ਪ੍ਰਕੋਪ ਦੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਸੂਬਿਆਂ ਵਿਚ ਕੋਰੋਨਾ ਨਾਲ 2 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਉੱਥੇ ਹੀ ਜੇਕਰ ਵਿਸ਼ਵ ਭਰ ਦੀ ਗੱਲ ਕਰੀਏ ਤਾਂ ਵਿਸ਼ਵ ਵਿਚ ਹੁਣ ਤੱਕ 47,98,594 ਲੋਕ ਕੋਰੋਨਾ ਦੇ ਸ਼ਿਕਾਰ ਹੋ ਚੁੱਕੇ ਹਨ ਅਤੇ 3,18,303 ਲੋਕਾਂ ਦੀ ਮੌਤ ਹੋ ਚੁੱਕੀ ਹੈ।
 


Lalita Mam

Content Editor

Related News