ਕੋਰੋਨਾ ਦਾ ਕਹਿਰ, ਅਮਰੀਕਾ ''ਚ 6 ਹਫਤੇ ਦੇ ਬੱਚੇ ਦੀ ਮੌਤ

04/02/2020 5:54:47 PM

ਵਾਸ਼ਿੰਗਟਨ (ਬਿਊਰੋ): ਪੂਰੀ ਦੁਨੀਆ ਵਿਚ ਜਾਰੀ ਕੋਰੋਨਾਵਾਇਰਸ ਦੇ ਕਹਿਰ ਦੇ ਵਿਚ ਸਿਰਫ 6 ਹਫਤੇ ਦੇ ਨਵਜੰਮੇ ਬੱਚੇ ਦੀ ਮੌਤ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਅਮਰੀਕਾ ਵਿਚ ਕੋਰੋਨਾਵਾਇਰਸ ਦੇ ਇਨਫੈਕਸ਼ਨ ਦੀ ਚਪੇਟ ਵਿਚ ਆਉਣ ਨਾਲ ਇਕ 6 ਹਫਤੇ ਦੇ ਬੱਚੇ ਦੀ ਮੌਤ ਹੋ ਗਈ ਹੈ। ਅਮਰੀਕੀ ਰਾਜ ਕਨੈਕਟੀਕਟ ਦੇ ਗਵਰਨਰ ਨੇ ਕਿਹਾ ਕਿ ਇਹ ਕੋਰੋਨਾਵਾਇਰਸ ਨਾਲ ਹੋਈ ਸਭ ਤੋਂ ਛੋਟੀ ਉਮਰ ਦੀਆਂ ਮੌਤਾਂ ਵਿਚੋਂ ਇਕ ਹੈ। 

ਗਵਰਨਰ ਨੇਡ ਲਾਮੋਂਟ ਨੇ ਬੁੱਧਵਾਰ ਨੂੰ ਟਵੀਟ ਕੀਤਾ ਕਿ ਨਵਜੰਮੇ ਬੱਚੇ ਨੂੰ ਪਿਛਲੇ ਹਫਤੇ ਇਕ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਇਲਾਜ ਦੇ ਬਾਵਜੂਦ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਬੀਤੀ ਰਾਤ ਹੋਏ ਟੈਸਟ ਵਿਚ ਇਹ ਸਪੱਸ਼ਟ ਹੋ ਗਿਆ ਕਿ ਨਵਜੰਮਾ ਬੱਚਾ ਕੋਰੋਨਾਵਾਇਰਸ ਪੌਜੀਟਿਵ ਸੀ। ਉਹਨਾਂ ਨੇ ਕਿਹਾ ਕਿ ਇਹ ਬਿਲਕੁੱਲ ਦਿਲ ਦੁਖਾ ਦੇਣ ਵਾਲੀ ਘਟਨਾ ਹੈ। ਸਾਡਾ ਮੰਨਣਾ ਹੈਕਿ ਕੋਵਿਡ-19 ਨਾਲ ਹੋਈਆਂ ਮੌਤਾਂ ਵਿਚੋਂ ਇਹ ਹੁਣ ਤੱਕ ਦੀ ਸਭ ਤੋਂ ਛੋਟੀ ਉਮਰ ਵਿਚ ਹੋਣ ਵਾਲੀ ਮੌਤ ਹੈ। 

ਪੜ੍ਹੋ ਇਹ ਅਹਿਮ ਖਬਰ- ਲੌਕਡਾਊਨ ਕਾਰਨ ਨੇਪਾਲ 'ਚ ਫਸੇ 350 ਭਾਰਤੀ ਮਜ਼ਦੂਰ

ਇੱਥੇ ਦੱਸ ਦਈਏ ਕਿ ਇਸ ਤੋਂ ਪਹਿਲਾਂ ਅਮਰੀਕਾ ਵਿਚ ਹੀ ਇਕ ਸਾਲ ਤੋਂ ਘੱਟ ਉਮਰ ਦੇ ਬੱਚੇ ਦੀ ਮੌਤ ਦਾ ਮਾਮਲਾ ਸਾਹਮਣੇ ਆ ਚੁੱਕਾ ਹੈ। ਇਲੀਨੋਇਸ ਡਿਪਾਰਟਮੈਂਟ ਆਫ ਪਬਲਿਕ ਹੈਲਥ ਦੇ ਡਾਇਰੈਕਟਰ ਡਾਕਟਰ ਨਗੋਜੀ ਐਜਾਇਕ ਨੇ ਕਿਹਾ ਸੀ ਕਿ ਸ਼ਿਕਾਗੋ ਵਿਚ ਕੋਰੋਨਾਵਾਇਰਸ ਨਾਲ ਇਨਫੈਕਟਿਡ ਇਕ ਬੱਚੇ ਦੀ ਮੌਤ ਹੋਈ ਹੈ। ਇਸ ਬੱਚੇ ਦੀ ਉਮਰ ਇਕ ਸਾਲ ਤੋਂ ਵੀ ਘੱਟ ਹੈ।ਸਥਾਨਕ ਮੀਡੀਆ ਦੇ ਮੁਤਾਬਕ ਉਹ ਬੱਚਾ 9 ਮਹੀਨੇ ਦਾ ਸੀ। ਪਰ ਹੁਣ ਜਿਸ ਬੱਚੇ ਦੀ ਮੌਤ ਹੋਈ ਹੈ ਉਹ ਸਿਰਫ 6 ਹਫਤੇ ਦਾ ਸੀ। 

ਹੁਣ ਤੱਕ ਇਹ ਮੰਨਿਆ ਜਾ ਰਿਹਾ ਸੀ ਕਿ ਕੋਰੋਨਾਵਾਇਰਸ ਦਾ ਸਭ ਤੋਂ ਵੱਧ ਖਤਰਾ ਬਜ਼ੁਰਗਾਂ 'ਤੇ ਹੈ ਪਰ ਇਸ ਖਤਰਨਾਕ ਵਾਇਰਸ ਨੇ ਅਮਰੀਕਾ ਵਿਚ 2 ਬੱਚਿਆਂ ਦੀ ਜਾਨ ਲੈ ਕੇ ਹੜਕੰਪ ਮਚਾ ਦਿੱਤਾ ਹੈ। ਪੂਰੀ ਦੁਨੀਆ ਵਿਚ ਕਹਿਰ ਮਚਾ ਰਹੇ ਇਸ ਖਤਰਨਾਕ ਕੋਰੋਨਾਵਾਇਰਸ ਨਾਲ ਅਮਰੀਕਾ ਵਿਚ ਹੁਣ ਤੱਕ 4476 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਭ ਤੋਂ ਵੱਧ ਮੌਤਾਂ ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿਚ ਹੋਈਆਂ ਹਨ। ਨਿਊਯਾਰਕ, ਕਨੈਕਟੀਕਟ ਅਤੇ ਨਿਊ ਜਰਸੀ ਦੇ ਵਸਨੀਕਾਂ ਨੂੰ ਘਰਾਂ ਵਿਚ ਰਹਿਣ ਦੇ ਆਦੇਸ਼ ਦਿੱਤੇ ਗਏ ਹਨ। ਤਿੰਨੇ ਰਾਜਾਂ ਤੋਂ ਇਨਫੈਕਸ਼ਨ ਦੇ 1 ਲੱਖ ਤੋਂ ਵਧੇਰੇ ਮਾਮਲੇ ਦਰਜ ਕੀਤੇ ਗਏ ਹਨ।


Vandana

Content Editor

Related News