UN ਮੁਖੀ ਨੇ ਕੀਤਾ ਕਰਤਾਰਪੁਰ ਲਾਂਘੇ ਦਾ ਦੌਰਾ, ਸਿੱਖ ਭਾਈਚਾਰੇ ਵਲੋਂ ਭਰਵਾਂ ਸਵਾਗਤ

02/19/2020 12:02:25 PM

ਵਾਸ਼ਿੰਗਟਨ ਡੀ.ਸੀ. (ਰਾਜ ਗੋਗਨਾ): ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰੇਸ ਮੰਗਲਵਾਰ ਨੂੰ ਦਰਬਾਰ ਸਾਹਿਬ ਕਰਤਾਰਪੁਰ ਲਾਂਘੇ ਦਾ ਦੌਰਾ ਕਰਨ ਗਏ, ਜਿੱਥੇ ਸੰਯੁਕਤ ਰਾਸ਼ਟਰ ਦੇ ਮੁਖੀ ਨੂੰ ਪਾਕਿਸਤਾਨੀ ਸਰਕਾਰ ਦੁਆਰਾ ਸਿੱਖ ਕੌਮ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਗਈ। ਸੰਯੁਕਤ ਰਾਸ਼ਟਰ ਦੇ ਮੁਖੀ, ਜੋ ਚਾਰ ਦਿਨਾਂ ਪਾਕਿਸਤਾਨ ਦੇ ਦੌਰੇ 'ਤੇ ਹਨ, ਨੂੰ ਦੱਸਿਆ ਗਿਆ ਸੀ ਕਿ ਕਰਤਾਰਪੁਰ ਲਾਂਘਾ ਖੋਲ੍ਹਣ ਦਾ ਉਦੇਸ਼ ਸਿੱਖ ਭਾਈਚਾਰੇ ਨੂੰ ਸਰਹੱਦ ਪਾਰੋਂ ਆਸਾਨ ਪਹੁੰਚ ਪ੍ਰਦਾਨ ਕਰਨਾ ਸੀ ਤਾਂ ਜੋ ਉਹ ਆਪਣੀ ਧਾਰਮਿਕ ਆਸਥਾ ਪੂਰੀ ਕਰ ਸਕਣ। 

PunjabKesari

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਕੱਤਰ ਜਨਰਲ ਨੇ ਕਿਹਾ ਕਿ ਕਰਤਾਰਪੁਰ ਲਾਂਘਾ ਸ਼ਾਂਤੀ ਅਤੇ ਅੰਤਰ-ਵਿਸ਼ਵਾਸ ਸਦਭਾਵਨਾ ਦੀ ਪਾਕਿਸਤਾਨ ਦੀ ਇੱਛਾ ਦੀ ਇਕ ਪ੍ਰੈਕਟੀਕਲ ਉਦਾਹਰਣ ਹੈ।  ਸੰਯੁਕਤ ਰਾਸ਼ਟਰ ਦੇ ਮੁਖੀ ਐਂਟੋਨੀਓ ਗੁਟੇਰੇਸ ਦੇ ਇਸ ਦੌਰੇ ਦਾ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਅਤੇ ਅਮੈਰਿਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਭਰਵਾਂ ਸਵਾਗਤ ਕੀਤਾ ਗਿਆ ਹੈ। ਸਿੱਖ ਆਗੂਆਂ ਸ. ਹਿੰਮਤ ਸਿੰਘ ਕੋਆਰਡੀਨੇਟਰ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਅਤੇ ਡਾ. ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਭਾਰਤੀ ਸਰਕਾਰ ਦੀ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਜਦੋਂ ਕੋਈ ਅੰਤਰਰਾਸ਼ਟਰੀ ਆਗੂ ਭਾਰਤ ਆਉਂਦਾ ਹੈ ਤਾਂ ਪੰਜਾਬ ਨਾ ਹੀ ਜਾਵੇ ਅਤੇ ਜੇਕਰ ਕੋਈ ਚਲਾ ਵੀ ਜਾਵੇ ਤਾਂ ਉਸ ਨੂੰ ਸ੍ਰੀ ਹਰਿਮੰਦਰ ਸਾਹਿਬ ਜਾਂ ਹੋਰ ਸਿੱਖਾਂ ਨਾਲ ਸਬੰਧਿਤ ਗੁਰਧਾਮਾ 'ਤੇ ਜਾਣ ਤੋਂ ਕਿਸੇ ਨਾ ਕਿਸੇ ਢੰਗ ਨਾਲ ਰੋਕਿਆ ਜਾਂਦਾ ਹੈ ਤਾਂ ਜੋ ਉਹ ਪੰਜਾਬ ਅਤੇ ਸਿੱਖਾਂ ਦੇ ਮੁੱਦਿਆਂ ਨੂੰ ਸਮਝ ਨਾ ਸਕੇ। 

PunjabKesari

ਪਰ ਸੰਯੁਕਤ ਰਾਸ਼ਟਰ ਦੇ ਮੁਖੀ ਵਲੋਂ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦਾ ਦੌਰਾ ਸਿੱਖ ਭਾਈਚਾਰੇ ਲਈ ਬਹੁਤ ਹੀ ਮਹੱਤਵਪੂਰਨ ਹੈ। ਆਗੂਆਂ ਨੇ ਆਸ ਕੀਤੀ ਹੈ ਕਿ ਆਉਣ ਵਾਲੇ ਸਮੇਂ ਵਿਚ ਅਮਰੀਕੀ ਰਾਸ਼ਟਰਪਤੀ ਦੀ ਭਾਰਤ ਫੇਰੀ ਸਮੇਂ ਰਾਸ਼ਟਰਪਤੀ ਡੋਨਾਲਡ ਟਰੰਪ ਪੰਜਾਬ ਦੀ ਯਾਤਰਾ ਜ਼ਰੂਰ ਕਰਨਗੇ ਅਤੇ ਪੰਜਾਬ ਅਤੇ ਸਿੱਖ ਮੁੱਦਿਆਂ ਨੂੰ ਨੇੜਿਓਂ ਵੇਖਣਗੇ। ਆਗੂਆਂ ਨੇ ਮੰਗ ਕੀਤੀ ਕਿ ਸੰਯੁਕਤ ਰਾਸ਼ਟਰ ਮੁਖੀ ਸਿੱਖ ਸੰਸਥਾਵਾਂ ਵਲੋਂ ਭੇਜੇ ਗਏ ਮਤਿਆਂ ਉੱਪਰ ਵੀ ਜ਼ਰੂਰ ਗੌਰ ਕਰਨ। ਉਨ੍ਹਾਂ ਕਿਹਾ ਕਿ ਉਹ ਸੰਯੁਕਤ ਰਾਸ਼ਟਰ ਮੁਖੀ ਦੇ ਕਰਤਾਰਪੁਰ ਲਾਂਘੇ ਦੇ ਦੌਰੇ ਦਾ ਭਰਪੂਰ ਸਵਾਗਤ ਕਰਦੇ ਹਨ। 


Vandana

Content Editor

Related News