ਗੂਗਲ ਸਰਚ ਮੁਤਾਬਕ ਲਾਹੌਰ ਸ਼ਹਿਰ ਹੈ ''ਖਾਲਿਸਤਾਨ ਦੀ ਰਾਜਧਾਨੀ''

11/27/2019 2:03:40 PM

ਵਾਸ਼ਿੰਗਟਨ (ਬਿਊਰੋ): ਪਾਕਿਸਤਾਨ ਅਕਸਰ ਵੱਖਵਾਦੀ ਖਾਲਿਸਤਾਨ ਅੰਦੋਲਨ ਨੂੰ ਕਿਸੇ ਤਰ੍ਹਾਂ ਦਾ ਸਮਰਥਨ ਦੇਣ ਦੇ ਦੋਸ਼ਾਂ ਦਾ ਜ਼ੋਰਦਾਰ ਖੰਡਨ ਕਰਦਾ ਰਿਹਾ ਹੈ। ਹੁਣ ਗੂਗਲ 'ਤੇ 'ਕੈਪੀਟਲ ਆਫ ਖਾਲਿਸਤਾਨ' ਲਿਖ ਕੇ ਸਰਚ ਕਰੀਏ ਤਾਂ ਜਿਹੜੇ ਨਤੀਜੇ ਆਉਂਦੇ ਹਨ ਉਹ ਖੁਦ ਪਾਕਿਸਤਾਨ ਲਈ ਹੈਰਾਨ ਕਰ ਦੇਣ ਵਾਲੇ ਹਨ। ਇਨ੍ਹਾਂ ਨਤੀਜਿਆਂ ਵਿਚ ਪਾਕਿਸਤਾਨ ਦੇ ਸ਼ਹਿਰ ਲਾਹੌਰ ਨੂੰ 'ਖਾਲਿਸਤਾਨ ਦੀ ਰਾਜਧਾਨੀ' ਦੱਸਿਆ ਗਿਆ ਹੈ। ਆਨਲਾਈਨ ਇਨਸਾਈਕਲੋਪੀਡੀਆ ਵਿਕੀਪੀਡੀਆ ਦੇ ਮੁਤਾਬਕ,''ਪੂਰਬੀ ਪਾਕਿਸਤਾਨ ਅਤੇ ਪੱਛਮੀ ਭਾਰਤ ਦੇ ਆਧੁਨਿਕ ਖੇਤਰਾਂ ਵਿਚ ਨਵੇਂ ਬਣੇ ਦੇਸ਼ ਨੂੰ ਖਾਲਿਸਤਾਨ ਕਿਹਾ ਜਾਵੇਗਾ। ਇਸ ਦੀ ਘੋਸ਼ਿਤ ਰਾਜਧਾਨੀ ਲਾਹੌਰ ਹੋਵੇਗੀ, ਇਕ ਅਜਿਹਾ ਸ਼ਹਿਰ ਜਿੱਥੇ ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਸਾਮਰਾਜ ਦੀ ਸਥਾਪਨਾ ਕੀਤੀ ਅਤੇ ਉਨ੍ਹਾਂ ਦੇ ਵੰਸ਼ਜਾਂ ਨੇ ਸਦੀਆਂ ਤੱਕ ਸ਼ਾਸਨ ਕੀਤਾ।''

ਦਿਲਚਸਪ ਤੌਰ 'ਤੇ ਵਿਕੀਪੀਡੀਆ ਵਿਚ ਬਾਰ-ਬਾਰ ਇਸ ਗੱਲ 'ਤੇ ਜ਼ੋਰ ਦਿੱਤਾ ਗਿਆ ਹੈ ਕਿ ਖਾਲਿਸਤਾਨ ਵਿਚ ਭਾਰਤ ਅਤੇ ਪਾਕਿਸਤਾਨ ਦੋਹਾਂ ਦੇ ਹਿੱਸੇ ਵਾਲਾ ਪੰਜਾਬ ਸ਼ਾਮਲ ਹੋਵੇਗਾ। ਇਸ ਦੇ ਇਲਾਵਾ ਖੈਬਰ ਪਖਤੂਨਖਵਾ, ਬਲੋਚਿਸਤਾਨ, ਸਿੰਧ, ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ ਅਤੇ ਜੰਮੂ-ਕਸ਼ਮੀਰ ਦੇ ਕੁਝ ਹਿੱਸੇ ਵੀ ਇਸ ਤਥਾਕਥਿਤ ਦੇਸ਼ ਵਿਚ ਹੋਣਗੇ। ਅਮਰੀਕਾ ਸਥਿਤ ਵੱਖਵਾਦੀ ਨੇਤਾ ਗੁਰਪਤਵੰਤ ਸਿੰਘ ਪਨੂਨ 'ਸਿੱਖਸ ਫੌਰ ਜਸਟਿਸ' (ਐੱਸ.ਐੱਫ.ਜੇ.) ਨਾਮ ਦੇ ਸੰਗਠਨ ਦੇ ਕਾਨੂੰਨੀ ਸਲਾਹਕਾਰ ਹਨ। ਉਹ ਖਾਲਿਸਤਾਨੀ ਅੰਦੋਲਨ ਦੇ ਮੁੱਖ ਬੁਲਾਰੇ ਰਹੇ ਹਨ। ਉਹ ਖੁਦ ਗੂਗਲ ਸਰਚ ਦੇ ਇਨ੍ਹਾਂ ਨਤੀਜਿਆਂ 'ਤੇ ਹੈਰਾਨ ਹਨ। 

ਇਕ ਅਖਬਾਰ ਟਾਈਮਜ਼ ਆਫ ਇੰਡੀਆ ਨਾਲ ਗੱਲਬਾਤ ਵਿਚ ਉਨ੍ਹਾਂ ਨੇ ਕਿਹਾ,''ਜਿਹੜੇ ਲੋਕ ਲਾਹੌਰ ਨੂੰ ਖਾਲਿਸਤਾਨ ਦੀ ਰਾਜਧਾਨੀ ਦੱਸ ਰਹੇ ਹਨ, ਮੈਂ ਦੇਖਣਾ ਚਾਹੁੰਦਾ ਹਾਂ ਕਿ ਉਨ੍ਹਾਂ ਦੀ ਯੋਜਨਾ ਕੀ ਹੈ ਅਤੇ ਉਹ ਉਸ 'ਤੇ ਅਮਲ ਕਿਵੇਂ ਕਰਨਗੇ।'' ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕੀ ਉਹ ਲਾਹੌਰ ਨੂੰ ਖਾਲਿਸਤਾਨ ਦੀ ਰਾਜਧਾਨੀ ਬਣਾਉਣ ਦੀ ਮੰਗ ਦਾ ਸਮਰਥਨ ਕਰਦੇ ਹਨ ਤਾਂ ਉਨ੍ਹਾਂ ਨੇ ਜਵਾਬ ਦਿੱਤਾ,''ਜਿਹੜੇ ਲੋਕ ਅਜਿਹਾ ਕਰਨਾ ਚਾਹੁੰਦੇ ਹਨ ਉਨ੍ਹਾਂ ਨੂੰ ਐੱਸ.ਐੱਫ.ਜੇ. ਦੀ ਮਨਜ਼ੂਰੀ ਦੀ ਲੋੜ ਨਹੀਂ ਹੈ।'' ਪਨੂਨ ਦਾ ਕਹਿਣਾ ਸੀ ਕਿ ਉਹ ਪੰਜਾਬ ਨੂੰ ਇਕ ਆਜ਼ਾਦ ਦੇਸ਼ ਬਣਾਉਣ ਲਈ ਲੋਕਤੰਤਰੀ ਅਤੇ ਸ਼ਾਂਤੀਪੂਰਨ ਤਰੀਕੇ ਦੀ ਤਲਾਸ਼ ਵਿਚ ਹਨ।

ਭਗਤ ਸਿੰਘ ਯੂਥ ਫਰੰਟ ਦੇ ਚੇਅਰਮੈਨ ਗੁਰਮੀਤ ਸਿੰਘ ਬਬਲੂ ਨੇ ਇਸ ਮਾਮਲੇ 'ਤੇ ਕਿਹਾ,''ਪਾਕਿਸਤਾਨ ਭਾਰਤ ਵਿਚ ਅੱਤਵਾਦ ਨੂੰ ਵਧਾਵਾ ਦੇ ਰਿਹਾ ਹੈ। ਇਹ ਗੱਲ ਕਿਸੇ ਤੋਂ ਲੁਕੀ ਨਹੀਂ। ਮੈਂ ਸੋਚਦਾ ਹਾਂ ਕਿ ਗੂਗਲ ਸਰਚ ਦੇ ਨਤੀਜਿਆਂ ਵਿਚ ਕੁਝ ਵੀ ਗਲਤ ਨਹੀਂ ਹੈ। ਜੇਕਰ ਪਾਕਿਸਤਾਨੀ ਸਰਕਾਰ ਆਪਣੇ ਦੇਸ਼ ਵਿਚ ਖਾਲਿਸਤਾਨ ਬਣਾਉਣਾ ਚਾਹੁੰਦੀ ਹੈ ਅਤੇ ਲਾਹੌਰ ਨੂੰ ਉਸ ਦੀ ਰਾਜਧਾਨੀ ਬਣਾ ਰਹੀ ਹੈ ਤਾਂ ਅਜਿਹਾ ਕਰਦੀ ਰਹੇ। ਘੱਟੋ-ਘੱਟ ਭਾਰਤ ਵਿਚ ਤਾਂ ਖਾਲਿਸਤਾਨ ਨਹੀਂ ਬਣ ਰਿਹਾ।'' 

ਗੌਰਤਲਬ ਹੈ ਕਿ ਹਾਲ ਹੀ ਵਿਚ ਗੂਗਲ ਸਰਚ ਵਿਚ 'ਭਿਖਾਰੀ' ਸ਼ਬਦ ਟਾਈਪ ਕਰਨ 'ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਤਸਵੀਰ ਖੁੱਲ੍ਹਦੀ ਸੀ। ਅਸਲ ਵਿਚ ਗੂਗਲ ਸਰਚ ਰਿਜਲਟ ਕੁਝ ਖਾਸ ਕੀਵਰਡਜ਼ 'ਤੇ ਆਧਾਰਿਤ ਹੁੰਦੇ ਹਨ, ਜੋ ਦੱਸਦੇ ਹਨ ਕਿ ਕੁਝ ਲੋਕ ਵੱਡੀ ਗਿਣਤੀ ਵਿਚ ਲਾਹੌਰ ਨੂੰ ਖਾਲਿਸਤਾਨ ਦੀ ਰਾਜਧਾਨੀ ਬਣਾਉਣ 'ਤੇ ਗੱਲ ਕਰ ਰਹੇ ਹੋਣਗੇ।


Vandana

Content Editor

Related News