ਅਜੀਬ ਸੰਜੋਗ! 9/11 ਦੀ ਬਰਸੀ ਮੌਕੇ ਜਨਮੀ 9 ਪੌਂਡ 11 ਓਂਸ ਦੀ ਬੱਚੀ
Sunday, Sep 15, 2019 - 01:42 PM (IST)

ਵਾਸ਼ਿੰਗਟਨ (ਬਿਊਰੋ)— ਅਮਰੀਕਾ ਵਿਚ 9/11 ਹਮਲੇ ਦੀ ਬਰਸੀ ਵਾਲੇ ਦਿਨ ਦੁਨੀਆ ਭਰ ਵਿਚ ਕਈ ਬੱਚਿਆਂ ਦਾ ਜਨਮ ਹੋਇਆ ਹੋਵੇਗਾ ਪਰ ਇਕ ਬੱਚੇ ਦੇ ਜਨਮ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਜਰਮਨ ਟਾਊਨ ਦੇ ਹਸਪਤਾਲ ਵਿਚ ਇਸੇ ਦਿਨ ਰਾਤ 9:11 ਵਜੇ ਇਕ ਬੱਚੀ ਦਾ ਜਨਮ ਹੋਇਆ ਅਤੇ ਬੱਚੀ ਦਾ ਵਜ਼ਨ ਵੀ 9 ਪੌਂਡ 11 ਓਂਸ (4.4 ਕਿਲੋਗ੍ਰਾਮ) ਹੈ।
ਬੱਚੀ ਦੀ ਮਾਂ ਕੈਮੇਟ੍ਰਿਅਨ ਅਤੇ ਪਿਤਾ ਜਸਟਿਨ ਬ੍ਰਾਊਨ ਦਾ ਕਹਿਣਾ ਹੈ,''ਉਨ੍ਹਾਂ ਲਈ ਇਹ ਘਟਨਾ ਚਮਤਕਾਰ ਤੋਂ ਘੱਟ ਨਹੀਂ। ਉਨ੍ਹਾਂ ਦੀ ਬੇਟੀ ਤਬਾਹੀ ਦੀਆਂ ਯਾਦਾਂ ਵਿਚ ਨਵੀਂ ਜ਼ਿੰਦਗੀ ਦੀ ਪ੍ਰਤੀਕ ਹੈ। ਜਦੋਂ ਉਹ ਵੱਡੀ ਹੋਵੇਗੀ ਤਾਂ ਅਸੀਂ ਉਸ ਨੂੰ ਉਸ ਦੀ ਜਨਮ ਤਰੀਕ ਦਾ ਮਹੱਤਵ ਸਮਝਾਵਾਂਗੇ।'' ਬੱਚੀ ਦਾ ਨਾਮ ਕ੍ਰਿਸੀਟਨੀਆ ਰੱਖਿਆ ਗਿਆ ਹੈ।
ਹਸਪਤਾਲ ਦੀ ਮਹਿਲਾ ਸੇਵਾ ਵਿਭਾਗ ਦੀ ਪ੍ਰਮੁੱਖ ਰਸ਼ੇਲ ਲਾਫਲੀਨ ਨੇ ਕਿਹਾ ਕਿ ਅਜਿਹੇ ਸੰਜੋਗ ਅਚਾਨਕ ਹੀ ਬਣਦੇ ਹਨ। ਉਹ ਬੀਤੇ 35 ਸਾਲ ਤੋਂ ਕੰਮ ਕਰ ਰਹੀ ਹੈ। ਪਹਿਲੀ ਵਾਰ ਜਨਮ ਤਰੀਕ ਅਤੇ ਵਜ਼ਨ ਦੇ ਅੰਕ ਵਿਚ ਅਜਿਹਾ ਸੰਜੋਗ ਦੇਖ ਰਹੀ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਵਿਚ 11 ਸਤੰਬਰ, 2001 ਨੂੰ ਹੋਏ ਅੱਤਵਾਦੀ ਹਮਲੇ ਵਿਚ ਕਰੀਬ 3 ਹਜ਼ਾਰ ਲੋਕ ਮਾਰੇ ਗਏ ਸਨ।