UN ਦੇ ਸਕੱਤਰ ਜਨਰਲ ਨੇ ਭਾਰਤ-ਪਾਕਿ ਵਿਚਾਲੇ ਕਸ਼ਮੀਰ ਮੁੱਦੇ ਦੇ ਸ਼ਾਂਤੀਪੂਰਨ ਹੱਲ ਦੀ ਪ੍ਰਗਟਾਈ ਉਮੀਦ

01/22/2022 4:18:14 PM

ਸੰਯੁਕਤ ਰਾਸ਼ਟਰ (ਭਾਸ਼ਾ)-ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਤਾਰੇਸ ਨੇ ਉਮੀਦ ਪ੍ਰਗਟਾਈ ਹੈ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਕਸ਼ਮੀਰ ਮੁੱਦੇ ਨੂੰ ਸ਼ਾਂਤੀਪੂਰਵਕ ਤਰੀਕੇ ਨਾਲ ਹੱਲ ਕੀਤਾ ਜਾ ਸਕਦਾ ਹੈ। ਗੁਤਾਰੇਸ ਨੇ ਸ਼ੁੱਕਰਵਾਰ ਕਿਹਾ, ‘‘ਸੰਯੁਕਤ ਰਾਸ਼ਟਰ ਦਾ ਰੁਖ਼ ਅਤੇ (ਉਕਤ ਵਿਸ਼ੇ ’ਤੇ) ਲਏ ਗਏ ਸੰਕਲਪ ਇਕੋ ਜਿਹੇ ਹਨ। ਜਿਵੇਂ ਕਿ ਤੁਸੀਂ ਜਾਣਦੇ ਹੋ, ਸਾਡੇ ਕੋਲ ਉੱਥੇ ਇਕ ਸ਼ਾਂਤੀ ਰੱਖਿਆ ਮੁਹਿੰਮ ਹੈ। ਅਸੀਂ, ਬੇਸ਼ੱਕ ਵਚਨਬੱਧ ਹਾਂ।’’ ਉਨ੍ਹਾਂ ਕਿਹਾ, ‘‘ਮੈਂ ਕਈ ਵਾਰ ਆਪਣੇ ਵੱਲੋਂ ਸਹਿਯੋਗ ਦੀ ਪੇਸ਼ਕਸ਼ ਕੀਤੀ ਹੈ ਅਤੇ ਸਾਨੂੰ ਉਮੀਦ ਹੈ ਕਿ ਇਹ ਕੁਝ ਅਜਿਹਾ ਹੈ, ਜਿਸ ਦਾ ਸ਼ਾਂਤੀਪੂਰਵਕ ਹੱਲ ਕੱਢਿਆ ਜਾ ਸਕਦਾ ਹੈ ਤੇ ਕਸ਼ਮੀਰ ’ਚ ਅਜਿਹੀ ਸਥਿਤੀ ਹੈ, ਜਿਸ ’ਚ ਮਨੁੱਖੀ ਅਧਿਕਾਰਾਂ ਦਾ ਸਨਮਾਨ ਕੀਤਾ ਜਾਂਦਾ ਹੈ ਤੇ ਜਿਸ ਨਾਲ ਲੋਕ ਸ਼ਾਂਤੀ ਤੇ ਸੁਰੱਖਿਆ ਨਾਲ ਰਹਿ ਸਕਦੇ ਹਨ।’’ ਗੁਤਾਰੇਸ ਇਥੇ ਪ੍ਰੈੱਸ ਕਾਨਫਰੰਸ ਦੌਰਾਨ ਕਸ਼ਮੀਰ ਮੁੱਦੇ ’ਤੇ ਪਾਕਿਸਤਾਨੀ ਪੱਤਰਕਾਰ ਦੇ ਸਵਾਲ ਦਾ ਜਵਾਬ ਦੇ ਰਹੇ ਸਨ।

ਵਰਣਨਯੋਗ ਹੈ ਕਿ ਨਵੀਂ ਦਿੱਲੀ ਨੇ ਕਸ਼ਮੀਰ ਮੁੱਦੇ ’ਤੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਕਿਸੇ ਵੀ ਤੀਜੀ ਧਿਰ ਦੀ ਵਿਚੋਲਗੀ ਨੂੰ ਪੂਰੀ ਤਰ੍ਹਾਂ ਰੱਦ ਕਰਦਿਆਂ ਕਿਹਾ ਹੈ ਕਿ ਭਾਰਤ ਦਾ ਰੁਖ਼ ਦਹਾਕਿਆਂ ਤੋਂ ਸਪੱਸ਼ਟ ਹੈ ਅਤੇ ਦੋਵੇਂ ਦੇਸ਼ ਇਸ ਮੁੱਦੇ ’ਤੇ ਦੁਵੱਲੀ ਗੱਲਬਾਤ ਕਰ ਸਕਦੇ ਹਨ। ਗੁਤਾਰੇਸ ਨੇ ਅਗਸਤ 2019 ’ਚ ਇੱਕ ਬਿਆਨ ’ਚ ਭਾਰਤ ਅਤੇ ਪਾਕਿਸਤਾਨ ਦਰਮਿਆਨ 1972 ਦੇ ਦੁਵੱਲੇ ਸਮਝੌਤੇ ਨੂੰ ਯਾਦ ਕੀਤਾ ਸੀ, ਜਿਸ ਨੂੰ ਸ਼ਿਮਲਾ ਸਮਝੌਤੇ ਦੇ ਤੌਰ ’ਤੇ ਜਾਣਿਆ ਜਾਂਦਾ ਹੈ। ਇਸ ਸਮਝੌਤੇ ’ਤੇ ਤੱਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਪਾਕਿਸਤਾਨ ਦੇ ਤੱਤਕਾਲੀ ਰਾਸ਼ਟਰਪਤੀ ਜ਼ੁਲਿਫ਼ਕਾਰ ਅਲੀ ਭੁੱਟੋ ਨੇ 1972 ’ਚ ਦਸਤਖਤ ਕੀਤੇ ਸਨ ਅਤੇ ਇਹ ਕਸ਼ਮੀਰ ਮੁੱਦੇ ’ਤੇ ਕਿਸੇ ਵੀ ਤੀਜੀ ਧਿਰ ਦੀ ਵਿਚੋਲਗੀ ਨੂੰ ਰੱਦ ਕਰਦਾ ਹੈ। ਨਵੀਂ ਦਿੱਲੀ ਨੇ ਇਸਲਾਮਾਬਾਦ ਤੋਂ ਵਾਰ-ਵਾਰ ਕਿਹਾ ਹੈ ਕਿ ਜੰਮੂ-ਕਸ਼ਮੀਰ ਭਾਰਤ ਦਾ ‘ਅਨਿੱਖੜਵਾਂ’ ਅੰਗ ਸੀ, ਹੈ ਅਤੇ ਹਮੇਸ਼ਾ ਰਹੇਗਾ।’’ ਭਾਰਤ ਨੇ ਪਾਕਿਸਤਾਨ ਨੂੰ ਇਹ ਵੀ ਕਿਹਾ ਹੈ ਕਿ ਉਹ ਅੱਤਵਾਦ, ਦੁਸ਼ਮਣੀ ਅਤੇ ਹਿੰਸਾ ਤੋਂ ਮੁਕਤ ਮਾਹੌਲ ’ਚ ਪਾਕਿਸਤਾਨ ਨਾਲ ਆਮ ਗੁਆਂਢੀ ਸਬੰਧਾਂ ਦੀ ਇੱਛਾ ਰੱਖਦਾ ਹੈ।


Manoj

Content Editor

Related News