ਕੋਰੋਨਾ ਆਫਤ : UAE ਨੇ ਪਾਕਿ ਤੋਂ ਆਉਣ ਵਾਲੀਆਂ ਫਲਾਈਟਾਂ ''ਤੇ ਲਾਈ ਰੋਕ

Monday, Jun 29, 2020 - 09:50 AM (IST)

ਦੁਬਈ/ਇਸਲਾਮਾਬਾਦ (ਬਿਊਰੋ): ਗਲੋਬਲ ਪੱਧਰ 'ਤੇ ਕੋਰੋਨਾਵਾਇਰਸ ਮਹਾਮਾਰੀ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ।ਇਸ ਮਹਾਮਾਰੀ ਦਾ ਹਾਲੇ ਤੱਕ ਕੋਈ ਅਸਰਦਾਰ ਇਲਾਜ ਨਹੀਂ ਮਿਲ ਪਾਇਆ ਹੈ। ਇਸ ਦੌਰਾਨ ਯੂਨਾਈਟਿਡ ਅਰਬ ਅਮੀਰਾਤ (ਯੂ.ਏ.ਈ.) ਦੀ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਇੱਥੇ ਅੰਤਰਰਾਸ਼ਟਰੀ ਉਡਾਣਾਂ ਦੇ ਨਿਯਮਾਂ ਵਿਚ ਹੁਣ ਕੁਝ ਤਬਦੀਲੀ ਕੀਤੀ ਗਈ ਹੈ ਜਿਸ ਦੇ ਤਹਿਤ ਪਾਕਿਸਤਾਨ ਤੋਂ ਆਉਣ ਵਾਲੀਆਂ ਸਾਰੀਆਂ ਫਲਾਈਟਾਂ ਨੂੰ ਰੱਦ ਕਰ ਦਿੱਤਾ ਗਿਆ ਹੈ। 

ਸਥਾਨਕ ਅਖਬਾਰ ਗਲਫ ਨਿਊਜ਼ ਦੀ ਖਬਰ ਦੇ ਮੁਤਾਬਕ ਸੰਯੁਕਤ ਅਰਬ ਅਮੀਰਾਤ ਦੀ ਜਹਾਜ਼ ਅਥਾਰਿਟੀ ਨੇ ਸੋਮਵਾਰ ਨੂੰ ਇਕ ਆਦੇਸ਼ ਜਾਰੀ ਕੀਤਾ ਹੈ, ਜਿਸ ਵਿਚ ਪਾਕਿਸਤਾਨ ਤੋਂ ਆਉਣ ਵਾਲੇ ਜਹਾਜ਼ਾਂ ਦੀ ਸੇਵਾ ਨੂੰ ਬੰਦ ਕਰ ਦਿੱਤਾ ਗਿਆ ਹੈ। ਜਦੋਂ ਤੱਕ ਹਵਾਈ ਅੱਡੇ 'ਤੇ ਟੈਸਟਿੰਗ ਦੀ ਸਹੂਲਤ ਉਪਲਬਧ ਨਹੀਂ ਹੋ ਜਾਂਦੀ ਅਤੇ ਜਾਂਚ ਦੀ ਸਥਿਤੀ ਨਹੀਂ ਬਦਲਦੀ ਉਦੋਂ ਤੱਕ ਇਹ ਆਦੇਸ਼ ਲਾਗੂ ਰਹੇਗਾ। ਸਰਕਾਰ ਨੇ ਆਦੇਸ਼ ਦਿੱਤਾ ਹੈ ਕਿ ਹੁਣ ਹਵਾਈ ਅੱਡੇ 'ਤੇ ਹੀ ਕੋਰੋਨਾਵਾਇਰਸ ਦਾ ਟੈਸਟ ਕੀਤਾ ਜਾਵੇਗਾ। ਜਦੋਂ ਤੱਕ ਟੈਸਟਿੰਗ ਲੈਬ ਨਹੀਂ ਬਣਦੀ ਹੈ ਉਦੋਂ ਤੱਕ ਕਿਸੇ ਯਾਤਰੀ ਨੂੰ ਦੇਸ਼ ਦੇ ਅੰਦਰ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਜੇਕਰ ਕੋਈ ਟ੍ਰਾਂਜਿਸ਼ਨਲ ਫਲਾਈਟ ਲੈ ਰਿਹਾ ਹੈ ਤਾਂ ਵੀ ਉਸ ਨੂੰ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਉਹ ਸਿਰਫ ਹਵਾਈ ਅੱਡੇ ਤੋਂ ਫਲਾਈਟ ਬਦਲ ਕੇ ਅੱਗੇ ਜਾ ਸਕਦਾ ਹੈ।

ਸੰਯੁਕਤ ਅਰਬ ਅਮੀਰਾਤ ਨੇ ਕੁਝ ਦਿਨਾਂ ਲਈ ਹੀ ਇਹਨਾਂ ਨਿਯਮਾਂ ਵਿਚ ਤਬਦੀਲੀ ਕੀਤੀ ਹੈ। ਉਹਨਾਂ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਏਅਰਲਾਈਨ ਦੇ ਸੰਪਰਕ ਵਿਚ ਬਣੇ ਰਹਿਣ। ਅਸਲ ਵਿਚ 1 ਜੁਲਾਈ ਤੋਂ ਯੂ.ਏ.ਈ. ਵਿਆਪਕ ਤੌਰ 'ਤੇ ਉਡਾਣ ਸੇਵਾ ਸ਼ੁਰੂ ਕਰਨ ਵਾਲਾ ਸੀ। ਹੁਣ ਆਉਣ ਵਾਲੇ ਯਾਤਰੀਆਂ ਦੇ ਲਈ ਗਾਈਡਲਾਈਨਸ ਤਿਆਰ ਕੀਤੀਆਂ ਗਈਆਂ ਹਨ। ਇਸ ਨਵੇਂ ਨਿਯਮ ਦੇ ਤਹਿਤ ਜੇਕਰ ਕਿਸੇ ਕੋਲ ਅਜਿਹੀ ਰਿਪੋਰਟ ਨਹੀਂ ਹੈ ਜੋ ਸਾਬਤ ਕਰਦੀ ਹੋਵੇ ਕਿ ਯਾਤਰੀ ਨੇ ਪਿਛਲੇ 72 ਘੰਟਿਆਂ ਵਿਚ ਟੈਸਟ ਕਰਵਾਇਆ ਹੈ ਅਤੇ ਉਹ ਕੋਰੋਨਾ ਨੈਗੇਟਿਵ ਆਇਆ ਹੈ ਤਾਂ ਉਸ ਨੂੰ ਯਾਤਰਾ ਨਹੀਂ ਕਰਨ ਦਿੱਤੀ ਜਾਵੇਗੀ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਪਾਕਿਸਤਾਨ ਵਿਚ ਕੋਰੋਨਾਵਾਇਰਸ ਦੇ ਮਾਮਲੇ 2 ਲੱਖ ਦਾ ਅੰਕੜਾ ਪਾਰ ਕਰ ਚੁੱਕੇ ਹਨ। ਅਜਿਹੇ ਵਿਚ ਦੂਜੇ ਦੇਸ਼ ਹੁਣ ਕਾਫੀ ਸਾਵਧਾਨੀ ਵਰਤ ਰਹੇ ਹਨ।


Vandana

Content Editor

Related News